‘ਆਪ’ ਨੇ ਵਿਧਾਨ ਸਭਾ ਚੋਣਾਂ ਲਈ ਕੱਸੀ ਕਮਰ, ਹਿੰਦੂ ਚਿਹਰਿਆਂ ‘ਤੇ ਟਿਕਾਈ ਨਜ਼ਰ

ਲੁਧਿਆਣਾ : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਪੱਧਰ ’ਤੇ ਜੋੜ-ਤੋੜ ਕਰਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦਾ ਨਾਂ ਵੀ ਇਸ ਸੂਚੀ ‘ਚ ਹੈ। ਪਾਰਟੀ ਵੱਲੋਂ ਸਾਲ-2022 ਦੀਆਂ ਚੋਣਾਂ ਲਈ ਕਮਰ ਕੱਸ ਲਈ ਗਈ ਹੈ।
ਸਿਆਸੀ ਸੂਤਰਾਂ ਦੀ ਮੰਨੀਏ ਤਾਂ ਹਿੰਦੂ ਚਿਹਰਿਆਂ ’ਤੇ ਆਮ ਆਦਮੀ ਪਾਰਟੀ ਦੀਆਂ ਪੂਰੀ ਤਰ੍ਹਾਂ ਨਿਗਾਹਾਂ ਹਨ ਅਤੇ ਪਾਰਟੀ ਵਿਧਾਨ ਸਭਾ ਹਲਕਾ ਪੂਰਬੀ, ਉੱਤਰੀ ਅਤੇ ਸੈਂਟਰਲ ਤੋਂ ਮੈਦਾਨ ‘ਚ ਹਿੰਦੂ ਚਿਹਰਿਆਂ ਨੂੰ ਉਤਾਰ ਸਕਦੀ ਹੈ।
ਸੂਤਰਾਂ ਮੁਤਾਬਕ ਸੂਚੀ ‘ਚ ਕਾਂਗਰਸ ਦੇ ਮਜ਼ਬੂਤ ਕਿਲੇ ਵਜੋਂ ਪ੍ਰਸਿੱਧ ਵਿਧਾਨ ਸਭਾ ਉੱਤਰੀ ਤੋਂ ਕਾਂਗਰਸ ਦੇ ਇਕ ਸਾਬਕਾ ਜ਼ਿਲ੍ਹਾ ਪ੍ਰਧਾਨ, ਵਿਧਾਨ ਸਭਾ ਸੈਂਟਰਲ ਤੋਂ ਭਾਜਪਾ ਦੇ ਇਕ ਸਾਬਕਾ ਮੰਤਰੀ ਦੇ ਰਿਸ਼ਤੇਦਾਰ, ਵਿਧਾਨ ਸਭਾ ਪੂਰਬੀ ਤੋਂ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਾਂ ਫਿਰ ਪ੍ਰਸਿੱਧ ਧਾਰਮਿਕ ਹਿੰਦੂ ਸ਼ਿਵ ਭਗਤ ਨੂੰ ਉਮੀਦਵਾਰ ਐਲਾਨਣ ਦੀ ਪੂਰੀ ਤਿਆਰੀ ਕਰ ਲਈ ਹੈ।
ਜੇਕਰ ਆਮ ਆਦਮੀ ਪਾਰਟੀ ਦੇ ਖੇਮੇ ‘ਚ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਧਾਰਮਿਕ ਖੇਤਰ ਨਾਲ ਸਬੰਧਿਤ ਮੰਨੇ-ਪ੍ਰਮੰਨੇ ਚਿਹਰੇ ਝਾੜੂ ਦਾ ਪੱਲਾ ਫੜ੍ਹ ਲੈਂਦੇ ਹਨ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਉਕਤ ਦਲਾਂ ਦੀ ਖੇਡ ਵਿਗੜਨ ਨਾਲ ਚੋਣਾਂ ਦੇ ਨਤੀਜੇ ਬਦਲਣ ’ਚ ਦੇਰ ਨਹੀਂ ਲੱਗੇਗੀ।
News Credit :jagbani(punjabkesari)