ਇਕ ਵਾਰ ਫ਼ਿਰ ਭਾਰਤ-ਪਾਕਿਸਤਾਨ ਸਰਹੱਦ ’ਤੇ ਦਿਖਿਆ ਡਰੋਨ, ਬੀ.ਐੱਸ.ਐੱਫ਼. ਨੇ ਕੀਤੀ ਫਾਇਰਿੰਗ

ਗੁਰਦਾਸਪੁਰ : ਗੁਰਦਾਸਪੁਰ ’ਚ ਇਕ ਵਾਰ ਫ਼ਿਰ ਤੋਂ ਪਾਕਿਸਤਾਨੀ ਡਰੋਨ ਨੇ ਦਸਤਕ ਦਿੱਤੀ ਹੈ। ਬੀਤੀ ਰਾਤ ਸੈਕਟਰ ਗੁਰਦਾਸਪੁਰ ਅਧੀਨ ਪੈਂਦੇ ਸਰਹੱਦੀ ਬਲਾਕ ਕਲਾਨੌਰ ਦੇ ਨਜ਼ਦੀਕ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਚੰਦੂਵਡਾਲਾ ਅਤੇ ਰੋਸਾ ਵਿਖੇ ਨੇੜੇ ਪਿਛਲੇ ਕਰੀਬ 16 ਦਿਨਾਂ ਦਰਮਿਆਨ ਦੂਸਰੀ ਵਾਰ ਪਾਕਿਸਤਾਨ ਡਰੋਨ ਨੂੰ ਦੇਖਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀ.ਐੱਸ.ਐੱਫ. ਦੀ 89 ਬਟਾਲੀਅਨ ਦੇ ਜਵਾਨਾਂ ਵਲੋਂ ਪਾਕਿਸਤਾਨ ਵਲੋਂ ਭਾਰਤ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਡਰੋਨ ਨੂੰ ਦੇਖਦੇ ਤੇ ਆਵਾਜ ਸੁਣਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ।
ਇਸ ਘਟਨਾ ਦਾ ਪਤਾ ਚੱਲਦੇ ਹੀ ਬੀ.ਐੱਸ.ਐੱਫ਼. ਦੇ ਉੱਚ ਅਧਿਕਾਰੀ ਡੀ. ਆਈ. ਜੀ ਰਜੇਸ਼ ਸ਼ਰਮਾ ਤੋਂ ਇਲਾਵਾ ਪੰਜਾਬ ਪੁਲਸ ਦੇ ਐੱਸ. ਪੀ. ਗੁਰਚਰਨ ਸਿੰਘ ਟੋਹਰਾ ਅਤੇ ਡੀ.ਐੱਸ.ਪੀ. ਭਾਰਤ ਭੂਸ਼ਨ ਸੈਨੀ ਅਤੇ ਐੱਸ. ਐੱਚ. ਓ. ਅਮਨਦੀਪ ਸਿੰਘ ਰੰਧਾਵਾ ਸਮੇਤ ਹੋਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਸਰਚ ਅਭਿਆਨ ਸ਼ੁਰੂ ਕਰ ਦਿੱਤਾ। ਇਸ ਸਬੰਧੀ ਐੱਸ. ਐੱਚ. ਓ. ਅਮਨਦੀਪ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਡਰੋਨ ਆਉਣ ਦੀ ਘਟਨਾ ਸਬੰਧੀ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ’ਚ ਨਾਕਾਬੰਦੀ ਕਰਕੇ ਸਰਚ ਅਭਿਆਨ ਸ਼ੁਰੂ ਕਰ ਦਿਤਾ ਹੈ। ਇਥੇ ਇਹ ਵੀ ਦੱਸ ਦੇਈਏ ਕਿ ਬੀਤੀ 20 ਦਸੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਸਰਹੱਦ ’ਤੇ ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਦਾਖ਼ਲ ਹੋ ਕੇ ਗ੍ਰਨੇਡ ਸੁੱਟ ਗਏ ਸਨ।
News Credit :jagbani(punjabkesari)