ਫੇਸਬੁੱਕ ’ਤੇ ਲਾਈਵ ਹੋ ਕੇ ਕਿਸਾਨ-ਮਜ਼ਦੂਰਾਂ ਨੇ ਕੱਟੇ ਜੀਓ ਟਾਵਰਾਂ ਦੇ ਕੁਨੈਕਸ਼ਨ

ਫਿਰੋਜ਼ਪੁਰ : ਫੇਸਬੁੱਕ ’ਤੇ ਲਾਈਵ ਹੋ ਕੇ ਅੱਜ ਕਿਸਾਨ ਮਜ਼ਦੂਰਾਂ ਨੇ ਜ਼ਿਲ੍ਹਾ ਫਿਰੋਜ਼ਪੁਰ ’ਚ ਜੀਓ ਦੇ ਟਾਵਰਾਂ ਦੇ ਕੁਨੈਕਸ਼ਨ ਕੱਟੇ ਅਤੇ ਘੋਸ਼ਣਾ ਕੀਤੀ ਕਿ ਜਦੋਂ ਤੱਕ ਕਿਸਾਨਾਂ ਦੀ ਮੰਗ ਪੂਰੀਆਂ ਨਹੀਂ ਹੋ ਜਾਂਦੀਆਂ ਅਤੇ ਕੇਂਦਰ ਸਕਕਾਰ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ ਉਸ ਸਮੇਂ ਤੱਕ ਉਹ ਜੀਓ ਦੇ ਟਾਵਰ ਨਹੀਂ ਚੱਲਣ ਦੇਣਗੇ। ਫਿਰੋਜ਼ਪੁਰ ਦੇ ਕਸਬਾ ਮਮਦੋਟ ਅਤੇ ਸੀਮਾਵਰਤੀ ਪਿੰਡ ਹਜਾਰਾ ਸਿੰਘ ਵਾਲਾ ’ਚ ਇਨ੍ਹਾਂ ਕਿਸਾਨ ਨੇਤਾਵਾਂ ਨੇ ਲਾਈਵ ਹੋ ਕੇ ਲੋਕਾਂ ਨੂੰ ਆਪਣਾ ਸੰਦੇਸ਼ ਵੀ ਦਿੱਤਾ ਅਤੇ ਕਿਹਾ ਕਿ ਸਾਰੇ ਵਰਗਾਂ ਦੇ ਲੋਕ ਕੇਂਦਰ ਸਰਕਾਰ ਅਤੇ ਪੂੰਜੀਪਤੀਆਂ ਨੂੰ ਮੂੰਹਤੋੜ ਜਵਾਬ ਦੇਣ।
ਕਿਸਾਨ ਮਜ਼ਦੂਰ ਨੇਤਾਵਾਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਦੀ ਅਗਵਾਈ ’ਚ ਕਿਸਾਨ ਵੱਡੇ ਪੱਧਰ ’ਤੇ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਅਤੇ ਕੜਾਕੇ ਦੀ ਠੰਡ ’ਚ ਦਿੱਲੀ ਦੀਆਂ ਸੜਕਾਂ ’ਤੇ ਬੈਠੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਬਰਬਾਦ ਹੋਵੇਗਾ ਤਾਂ ਦੁਕਾਨਦਾਰ ਅਤੇ ਹੋਰ ਸਾਰੇ ਵਰਗਾਂ ਦੇ ਲੋਕ ਵੀ ਬਰਬਾਦ ਹੋ ਜਾਣਗੇ ਅਤੇ ਉਨ੍ਹਾਂ ਦੇ ਵੀ ਕੰਮ ਧੰਦੇ ਬੰਦ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਸੰਘਰਸ਼ ’ਚ ਬੱਚੇ, ਬੁੱਢੇ,ਜਵਾਨ, ਵਪਾਰੀ ਅਤੇ ਕਰਮਚਾਰੀ ਆਦਿ ਸਾਰੇ ਵਰਗਾਂ ਦੇ ਲੋਕ ਕਿਸਾਨਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਿੱਥੇ-ਜਿੱਥੇ ਵੀ ਜੀਓ ਦੇ ਟਾਵਰ ਲੱਗੇ ਹੋਏ ਹਨ, ਉਨ੍ਹਾਂ ਸਾਰੇ ਟਾਵਰਾਂ ਦੇ ਕੁਨੈਕਸ਼ਨ ਕੱਟ ਦੇਣਗੇ।
News Credit :jagbani(punjabkesari)