ਇੰਦਰਾਣੀ ਮੁਖਰਜੀ ਨੇ ਦੋਸ਼ੀਆਂ ਦੇ ਕੱਪੜੇ ਪਹਿਨਣ ਤੋਂ ਕੀਤਾ ਇਨਕਾਰ, ਕੋਰਟ ਤੋਂ ਕੀਤੀ ਅਪੀਲ

ਮੁੰਬਈ- ਸ਼ੀਨਾ ਬੋਰਾ ਕਤਲਕਾਂਡ ਦੀ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਨੇ ਮੰਗਲਵਾਰ ਨੂੰ ਇੱਥੇ ਇਕ ਵਿਸ਼ੇਸ਼ ਸੀ.ਬੀ.ਆਈ. ਕੋਰਟ ਦਾ ਰੁਖ ਕੀਤਾ ਅਤੇ ਜੇਲ੍ਹ ‘ਚ ਦੋਸ਼ੀਆਂ ਦੇ ਕੱਪੜੇ ਪਹਿਨਣ ਤੋਂ ਛੋਟ ਦੇਣ ਦੀ ਅਪੀਲ ਕੀਤੀ। ਇੱਥੇ ਬਾਇਖਲਾ ਮਹਿਲਾ ਜੇਲ੍ਹ ‘ਚ ਬੰਦ ਮੁਖਰਜੀ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਜੇਲ੍ਹ ਅਧਿਕਾਰੀ ਦੋਸ਼ੀਆਂ ਦੇ ਪਹਿਰਾਵੇ ਵਾਲੀ ਹਰੀ ਸਾੜੀ ਪਹਿਨਣ ਨੂੰ ਕਹਿ ਰਹੇ ਹਨ, ਜਦੋਂ ਕਿ ਉਹ ਸਿਰਫ਼ ਵਿਚਾਰ ਅਧੀਨ ਕੈਦੀ ਹੈ। ਕੋਰਟ ਨੇ ਜੇਲ੍ਹ ਅਧਿਕਾਰੀਆਂ ਨੂੰ 5 ਜਨਵਰੀ ਨੂੰ ਜਵਾਬ ਦੇਣ ਲਈ ਕਿਹਾ।
ਉੱਥੇ ਹੀ ਅਗਸਤ ਮਹੀਨੇ ‘ਚ ਮੁੰਬਈ ਦੀ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਸ਼ੀਨਾ ਬੋਰਾ ਕਤਲ ਮਾਮਲੇ ‘ਚ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਕੋਰਟ ਨੇ ਕਿਹਾ ਕਿ ਜ਼ਮਾਨਤ ‘ਤੇ ਰਿਹਾਈ ਹੋਣ ਤੋਂ ਬਾਅਦ ਦੋਸ਼ੀ ਵਲੋਂ ਇਸਤਗਾਸਾ ਪੱਖ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੱਸਣਯੋਗ ਹੈ ਕਿ ਅਪ੍ਰੈਲ 2012 ‘ਚ ਸ਼ੀਨਾ ਬੋਰਾ ਦਾ ਕਤਲ ਹੋਇਆ ਸੀ। ਪਰ ਕੁਝ ਸਾਲ ਪਹਿਲਾਂ ਇਹ ਮਾਮਲਾ ਕਾਫ਼ੀ ਚਰਚਾ ‘ਚ ਆਇਆ ਸੀ। ਇਸ ਮਾਮਲੇ ‘ਚ ਇੰਦਰਾਣੀ, ਉਸ ਦੇ ਪਤੀ ਪੀਟਰ ਅਤੇ ਇੰਦਰਾਣੀ ਦੇ ਸਾਬਕਾ ਪਤੀ ਸੰਜੀਵ ਜੇਲ੍ਹ ‘ਚ ਬੰਦ ਹਨ।
News Credit :jagbani(punjabkesari)