ਜੰਮੂ— ਜੰਮੂ-ਕਸ਼ਮੀਰ ’ਚ ਹਾਲ ਹੀ ’ਚ ਜ਼ਿਲ੍ਹਾ ਵਿਕਾਸ ਪਰੀਸ਼ਦ (ਡੀ. ਡੀ. ਸੀ.) ਚੋਣਾਂ ਸੰਪੰਨ ਹੋਈਆਂ। ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। ਇਸ ਦਰਮਿਆਨ ਪਾਕਿਸਤਾਨ ਨੇ ਇਕ ਵਾਰ ਫਿਰ ਬਿਨਾਂ ਕਿਸੇ ਕਾਰਨ ਗੋਲੀਬਾਰੀ ਕਰਦੇ ਹੋਏ ਕੰਟਰੋਲ ਰੇਖਾ ਦੇ ਨੇੜੇ ਪੰੁਛ ਜ਼ਿਲ੍ਹੇ ’ਚ ਜੰਗਬੰਦੀ ਦਾ ਉਲੰਘਣ ਕੀਤਾ। ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਅੱਜ ਸਵੇਰੇ ਸਾਢੇ 9 ਵਜੇ ਪੁੰਛ ਜ਼ਿਲ੍ਹੇ ਦੇ ਮਨਕੋਟ ਸੈਕਟਰ ’ਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫ਼ੌਜ ਨੇ ਵੀ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ਦਾ ਮੂੁੰਹ ਤੋੜ ਜਵਾਬ ਦਿੱਤਾ।
ਪਾਕਿਸਤਾਨੀ ਫ਼ੌਜ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਪੁੰਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ ਵਿਚ ਗੋਲੀਬਾਰੀ ਕਰ ਕੇ ਜੰਗਬੰਦੀ ਦਾ ਉਲੰਘਣ ਕੀਤਾ ਸੀ। ਪਾਕਿਸਤਾਨ ਦੀ ਗੋਲੀਬਾਰੀ ਦੇ ਬਾਵਜੂਦ ਪ੍ਰਦੇਸ਼ ਵਿਚ ਸਾਰੇ ਜ਼ਿਲਿ੍ਹਆਂ ’ਚ ਡੀ. ਡੀ. ਸੀ. ਚੋਣਾਂ ਦੇ ਨਤੀਜਿਆਂ ਲਈ ਗਿਣਤੀ ਸੁਚਾਰੂ ਢੰਗ ਨਾਲ ਜਾਰੀ ਹੈ। ਦੱਸਣਯੋਗ ਹੈ ਕਿ ਡੀ. ਡੀ. ਸੀ. ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ ਕੁੱਲ 280 ਸੀਟਾਂ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ। ਜੰਮੂ-ਕਸ਼ਮੀਰ ਵਿਚ 8 ਪੜਾਵਾਂ ’ਚ ਵੋਟਿੰਗ ਹੋਈ। ਕੜਾਕੇ ਦੀ ਠੰਡ ਅਤੇ ਧਾਰਾ-370 ਹਟਾਉਣ ਮਗਰੋਂ ਲੋਕਾਂ ਨੇ ਇਨ੍ਹਾਂ ਚੋਣਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ।
News Credit :jagbani(punjabkesari)