ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ‘ਮੁਨੀਮਾਂ’ ਦੀ ਬੱਸ ਹਾਦਸੇ ਦਾ ਸ਼ਿਕਾਰ, ਕਈ ਜ਼ਖਮੀਂ

ਮਾਛੀਵਾੜਾ ਸਾਹਿਬ : ਦਿੱਲੀ ਵਿਖੇ ਕਿਸਾਨ ਅੰਦੋਲਨ ਦੇ ਸਮਰਥਨ ਲਈ ਜਾ ਰਹੇ ਮੁਨੀਮਾਂ ਨਾਲ ਭਰੀ ਇੱਕ ਬੱਸ ਰਸਤੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ‘ਚ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਬਾਕੀ ਸਭ ਦਾ ਬਚਾਅ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਦੇ ਸਮਰਥਨ ’ਚ ਮਾਛੀਵਾੜਾ ਅਨਾਜ ਮੰਡੀ 22 ਤੋਂ 25 ਦਸੰਬਰ ਤੱਕ ਮੁਕੰਮਲ ਬੰਦ ਰੱਖੀ ਗਈ ਹੈ ਅਤੇ ਅੱਜ ਆੜ੍ਹਤੀਆਂ ਕੋਲ ਕੰਮ ਕਰਦੇ 50 ਤੋਂ ਵੱਧ ਮੁਨੀਮ ਬੱਸ ਰਾਹੀਂ ਅੰਦੋਲਨ ’ਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਏ।
ਸੰਘਣੀ ਧੁੰਦ ਕਾਰਣ ਜ਼ੀਰਕਪੁਰ ਨੇੜ੍ਹੇ ਉਨ੍ਹਾਂ ਦੀ ਬੱਸ ਰਸਤੇ ’ਚ ਖੜ੍ਹੇ ਟਰਾਲੇ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਣ 12 ਤੋਂ ਵੱਧ ਮੁਨੀਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਇੱਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਤੋਂ ਬਾਅਦ ਜਿਨ੍ਹਾਂ ਮੁਨੀਮਾਂ ਦੇ ਸੱਟਾਂ ਲੱਗੀਆਂ ਸਨ, ਉਹ ਵਾਪਸ ਪਰਤ ਆਏ, ਜਦੋਂ ਕਿ 40 ਦੇ ਕਰੀਬ ਮੁਨੀਮ ਜ਼ੀਰਕਪੁਰ ਤੋਂ ਅੱਗੇ ਹੋਰ ਬੱਸ ਰਾਹੀਂ ਦਿੱਲੀ ਰਵਾਨਾ ਹੋ ਗਏ।
ਪੰਜਾਬ ’ਚੋਂ ਅੰਦੋਲਨ ’ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਨਾਲ-ਨਾਲ ਹੋਰਨਾਂ ਵਰਗਾਂ ‘ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਇਹ ਸੰਘਰਸ਼ ਹੋਰ ਤੇਜ਼ ਹੋ ਰਿਹਾ ਹੈ।
News Credit :jagbani(punjabkesari)