ਮੋਤੀ ਮਹਿਲ ਨੇੜੇ ਸਾਰੀ ਰਾਤ ਧਰਨੇ ’ਤੇ ਬੈਠੇ ਬੇਰੁਜ਼ਗਾਰ ਅਧਿਆਪਕ, ਸਵੇਰੇ ਪੁਲਸ ਨੇ ਕੀਤਾ ਲਾਠੀਚਾਰਜ

ਪਟਿਆਲਾ : ਕੜਾਕੇ ਦੀ ਠੰਡ ਵਿਚ ਲ਼ੰਘੇ ਕੱਲ ਤੋਂ ਮੋਤੀ ਮਹਿਲ ਨੇੜੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਦੇ ਨਾਅਰੇ ਲੰਘੀਂ ਸਾਰੀ ਰਾਤ ਸੜਕ ’ਤੇ ਹੀ ਗੂੰਜਦੇ ਰਹੇ ਅਤੇ ਅੱਜ ਸਵੇਰੇ ਪਟਿਆਲਾ ਪੁਲਸ ਨੇ ਇਨ੍ਹਾਂ ਅਧਿਆਪਕਾਂ ’ਤੇ ਹਲਕਾ ਲਾਠੀਚਾਰਜ ਕਰਕੇ ਗਿ੍ਰਫ਼ਤਾਰ ਕਰਕੇ ਦੂਰ ਥਾਣਿਆਂ ਵਿਚ ਭੇਜ ਕੇ ਰਿਹਾਅ ਕਰ ਦਿੱਤਾ। ਬੇਰੁਜ਼ਗਾਰ ਅਧਿਆਪਕਾਂ ਨੇ ਇਸ ਮੌਕੇ ਐਲਾਨ ਕੀਤਾ ਹੈ ਕਿ ਸਰਕਾਰ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਮਨੋਬਲ ਨਹੀਂ ਡੇਗ ਸਕਦੀ ਤੇ ਇਹ ਸੰਘਰਸ਼ ਜਾਰੀ ਰਹੇਗਾ। ਬੇਰੁਜ਼ਗਾਰ ਅਧਿਆਪਕਾਂ ਨੇ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਮੋਤੀ ਮਹਿਲ ਨੇੜੇ ਵਾਈ. ਪੀ. ਐੱਸ. ਚੌਂਕ ਵਿਚ ਹੀ ਡੇਰੇ ਜਮਾ ਕੇ ਰੱਖੇ। ਅਧਿਆਪਕਾਂ ਨੂੰ ਇੱਥੇ ਬਿਸਤਰੇ ਤੱਕ ਨਹੀਂ ਲਿਆਉਣ ਦਿੱਤੇ ਗਏ ਤੇ ਠੰਡ ਵਿਚ ਹੀ ਅਧਿਆਪਕ ਸਾਰੀ ਰਾਤ ਸਰਕਾਰ ਵਿਰੋਧੀ ਨਾਅਰੇ ਮਾਰ ਕੇ ਆਪਣੀਆਂ ਨੌਕਰੀਆਂ ਦੀ ਮੰਗ ਕਰਦੇ ਰਹੇ।
ਇਸ ਮੌਕੇ ਮੌਜੂਦ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਤੇ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈ. ਟੀ. ਟੀ. ਅਧਿਆਪਕਾਂ ਦੀਆਂ ਪੋਸਟਾਂ ਤੇ ਬੀ. ਐੱਡ ਉਮੀਦਵਾਰਾਂ ਨੂੰ ਬਰਾਬਰ ਵਿਚਾਰ ਕੇ ਈ.ਟੀ.ਟੀ. ਦੀ ਹੋਂਦ ਨੂੰ ਖ਼ਤਮ ਕੀਤਾ ਜਾ ਰਿਹਾ ਹੈ । ਜਦੋਂ ਕਿ ਈ.ਟੀ.ਟੀ. ਸਿਰਫ਼ ਪ੍ਰਾਇਮਰੀ ਅਧਿਆਪਕਾਂ ਲਈ ਤੇ ਬੀ. ਐੱਡ. ਅਪਰ ਪ੍ਰਾਇਮਰੀ ਅਧਿਆਪਕਾਂ ਲਈ ਕੋਰਸ ਕਰਵਾਇਆ ਜਾਂਦਾ ਹੈ ਪ੍ਰੰਤੂ ਜਦੋਂ ਪ੍ਰਾਇਮਰੀ ਅਧਿਆਪਕ ਦੀਆਂ ਪੋਸਟਾਂ ਤੇ ਬੀ.ਐੱਡ ਉਮੀਦਵਾਰਾਂ ਨੂੰ ਵਿਚਾਰ ਕੇ ਈ.ਟੀ.ਟੀ. ਕਰ ਰਹੇ ਉਮੀਦਵਾਰ ਜਾਂ ਕਰ ਚੁੱਕੇ ਉਮੀਦਵਾਰ ਉਨ੍ਹਾਂ ਲਈ ਆਉਣ ਵਾਲੇ ਸਮੇਂ ਵਿਚ ਬਹੁਤ ਵੱਡੇ ਪੱਧਰ ’ਤੇ ਮੁਸ਼ਕਿਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ।
ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਸ ਵੱਲੋਂ ਲਿਆ ਗਿਆ ਤਾਨਾਸ਼ਾਹੀ ਫ਼ੈਸਲਾ ਵਾਪਸ ਲਵੇ ਤੇ ਈ.ਟੀ.ਟੀ. ਦੇ ਉਪਰ ਪਹਿਲ ਦੇ ਆਧਾਰ ’ਤੇ ਸਿਰਫ ਈ.ਟੀ.ਟੀ. ਤੇ ਉਮੀਦਵਾਰ ਨੂੰ ਹੀ ਵਿਚਾਰਿਆ ਜਾਵੇ । ਜੇਕਰ ਪੰਜਾਬ ਸਰਕਾਰ ਇਹ ਫ਼ੈਸਲਾ ਜਲਦ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਵੱਡੇ ਅਤੇ ਤਿੱਖੇ ਸੰਘਰਸ਼ ਉਲੀਕੇ ਜਾਣਗੇ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਮੌਜੂਦ ਜਤਿੰਦਰ ਜਲਾਲਾਬਾਦ, ਜਰਨੈਲ ਸੰਗਰੂਰ, ਮਨੀ ਸੰਗਰੂਰ ,ਹਰਬੰਸ ਪਟਿਆਲਾ, ਨਿਰਮਲ ਜ਼ੀਰਾ , ਗੁਰਸਿਮਰਤ ਸੰਗਰੂਰ, ਜੀਵਨ ਸੰਗਰੂਰ, ਸੋਨੂੰ ਵਾਲੀਆ, ਰਾਜ ਸੁਖਵਿੰਦਰ ਗੁਰਦਾਸਪੁਰ, ਰਾਜ ਕੁਮਾਰ ਮਾਨਸਾ, ਨਰਿੰਦਰਪਾਲ ਸੰਗਰੂਰ , ਦੀਪ ਅਮਨ, ਸੁਲਿੰਦਰ ,ਰਵਿੰਦਰ ਅਬੋਹਰ , ਪ੍ਰਿਥਵੀ ਵਰਮਾ ਅਬੋਹਰ ਸਨ।
ਜੁਲਕਾਂ ਥਾਣੇ ਵਿਖੇ ਐੱਸ. ਐੱਚ. ਓ. ਚੀਮਾ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਲੰਗਰ ਛਕਾ ਕੇ ਭੇਜਿਆ
ਪਟਿਆਲਾ ਪੁਲਸ ਵੱਲੋਂ ਗਿ੍ਰਫ਼ਤਾਰ ਕਰਨ ਤੋਂ ਬਾਅਦ ਬਹੁਤੇ ਅਧਿਆਪਕਾਂ ਨੂੰ ਸ਼ਹਿਰ ਤੋਂ 30-35 ਕਿਲੋਮੀਟਰ ਦੂਰ ਜੁਲਕਾਂ ਥਾਣੇ ਵਿਖੇ ਭੇਜ ਦਿੱਤਾ ਗਿਆ। ਥਾਣੇ ਵਿਚ ਤਾਇਨਾਤ ਐੱਸ. ਐੱਚ. ਓ. ਹਰਮਨਪ੍ਰੀਤ ਸਿੰਘ ਚੀਮਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਅਧਿਆਪਕ ਸਾਰੀ ਰਾਤ ਦੇ ਭੁੱਖੇ ਹਨ ਤਾਂ ਉਨ੍ਹਾਂ ਨੇ ਇਨ੍ਹਾਂ ਅਧਿਆਪਕਾਂ ਲਈ ਵਿਸ਼ੇਸ਼ ਤੌਰ ’ਤੇ ਲੰਗਰ ਦਾ ਪ੍ਰਬੰਧ ਕਰਵਾਇਆ ਅਤੇ ਸਾਰਿਆਂ ਨੂੰ ਲੰਗਰ ਛੱਕਾ ਕੇ ਥਾਣੇ ਤੋਂ ਤੋਰਿਆ। ਐੱਸ. ਐੱਚ. ਓ. ਚੀਮਾ ਨੇ ਆਖਿਆ ਕਿ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਪਰ ਡਿਊਟੀ ਕਰਨ ਦੇ ਨਾਲ-ਨਾਲ ਅਸੀਂ ਇਕ ਚੰਗੇ ਇਨਸਾਨ ਵਜੋਂ ਵੀ ਵਿਚਰਨਾ ਜਾਣਦੇ ਹਾਂ।
News Credit :jagbani(punjabkesar)