ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੂੰ ਮਿਲੀ Y ਸ਼੍ਰੇਣੀ ਦੀ ਸੁਰੱਖਿਆ, ਨਾਲ ਰਹਿਣਗੇ 11 ਜਵਾਨ

ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਭਾਜਪਾ ਸੰਸਦ ਮੈਂਬਰ ਅਤੇ ਅਭਿਨੇਤਾ ਸੰਨੀ ਦਿਓਲ ਦੀ ਸੁਰੱਖਿਆ ਵਧਾਈ ਗਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਸੰਨੀ ਦਿਓਲ ਨੂੰ ‘Y’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਸੰਨੀ ਦਿਓਲ ਦੀ ਸਕਿਓਰਿਟੀ ‘ਚ ਹੁਣ ਕੇਂਦਰੀ ਸੁਰੱਖਿਆ ਫੋਰਸਾਂ ਦੀ ਟੀਮ ਵੀ ਮੌਜੂਦ ਰਹੇਗੀ। ਮਿਲੀ ਜਾਣਕਾਰੀ ਅਨੁਸਾਰ ਹੁਣ ਸੰਨੀ ਦਿਓਲ ਨਾਲ 11 ਜਵਾਨ ਰਹਿਣਗੇ, ਇਸ ਤੋਂ ਇਲਾਵਾ PSO ਵੀ ਮੌਜੂਦ ਰਹਿਣਗੇ। ਦੱਸਣਯੋਗ ਹੈ ਕਿ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਹਨ।
ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਪਿਛਲੇ 21 ਦਿਨਾਂ ਤੋਂ ਦਿੱਲੀ ਨਾਲ ਲੱਗਦੀਆਂ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਪੰਜਾਬ ਤੋਂ ਸੰਸਦ ਮੈਂਬਰ ਹੋਣ ਅਤੇ ਪੰਜਾਬ ਦਾ ਪੁੱਤ ਹੋਣ ਕਾਰਨ ਕਿਸਾਨਾਂ ਨੇ ਸੰਨੀ ਦਿਓਲ ਦੀ ਚੁੱਪੀ ‘ਤੇ ਸਵਾਲ ਚੁੱਕੇ ਸਨ। ਹਾਲਾਂਕਿ ਸੰਨੀ ਦਿਓਲ ਨੇ ਹਾਲ ਹੀ ‘ਚ ਟਵੀਟ ਕਰ ਕੇ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਨਾਲ ਖੜ੍ਹੀ ਹੈ। ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਹੈ, ਕਿਉਂਕਿ ਹਰ ਫੈਸਲਾ ਅੰਨਦਾਤਾ ਦੇ ਹੱਕ ‘ਚ ਹੀ ਲਿਆ ਗਿਆ ਹੈ। ਸੰਨੀ ਦੇ ਪਿਤਾ ਅਤੇ ਬਾਲੀਵੁੱਡ ਸੁਪਰਸਟਾਰ ਧਰਮੇਂਦਰ ਨੇ ਵੀ ਕਿਸਾਨਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢੇ।

News Credit :jagbani(punjabkesari)