ਜਲੰਧਰ ਸ਼ਹਿਰ ‘ਚ ਕ੍ਰਿਸਮਸ ਤੇ ਨਵੇਂ ਸਾਲ ਮੌਕੇ ਸਿਰਫ਼ 35 ਮਿੰਟ ਹੀ ਚੱਲਣਗੇ ਪਟਾਕੇ, ਡੀ. ਸੀ. ਵੱਲੋਂ ਹੁਕਮ ਜਾਰੀ

ਜਲੰਧਰ — ਨਵੇਂ ਸਾਲ ਦੇ ਜਸ਼ਨ ਅਤੇ ਕ੍ਰਿਸਮਸ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਸਖ਼ਤੀ ਵਰਤਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲਾ ਮੈਜਿਸਟਰੇਟ ਘਨਸ਼ਾਮ ਥੋਰੀ ਨੇ ਜ਼ਿਲ੍ਹੇ ਦੇ ਅਧਿਕਾਰ ਖੇਤਰ ‘ਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ‘ਤੇ ਪਟਾਕੇ ਚਲਾਉਣ ‘ਤੇ ਪਾਬੰਦੀ ਲਾਉਂਦਿਆਂ ਕਿਹਾ ਕਿ ਲੋਕ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਰਾਤ 11.55 ਤੋਂ 12.30 ਵਜੇ ਤੱਕ (ਸਿਰਫ 35 ਮਿੰਟ) ਪਟਾਕੇ ਚਲਾ ਸਕਦੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਿਰਫ਼ ਗਰੀਨ ਪਟਾਕਿਆਂ, ਜਿਨ੍ਹਾਂ ‘ਚ ਬੇਰੀਅਮ ਸਾਲਟ ਜਾਂ ਐਂਟੀਮਨੀ, ਲੀਥੀਅਮ, ਮਰਕਰੀ, ਆਰਸੇਨਿਕ ਲੈੱਡ ਜਾਂ ਸਟਰੋਟੀਅਮ ਕ੍ਰੋਮੇਟ ਦੀ ਵਰਤੋਂ ਨਹੀਂ ਹੁੰਦੀ, ਨੂੰ ਵੇਚਣ ਅਤੇ ਵਰਤਣ ਦੀ ਆਗਿਆ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਈਲੈਂਟ ਜ਼ੋਨ ਜਿਵੇਂ ਹਸਪਤਾਲਾਂ ਦੇ ਨੇੜੇ, ਸਿੱਖਿਆ ਸੰਸਥਾਵਾਂ, ਅਦਾਲਤਾਂ ਤੋਂ ਇਲਾਵਾ ਸੁੱਚੀ ਪਿੰਡ ਦੀ ਹੱਦ ਅੰਦਰ ਅਤੇ ਆਈ. ਓ. ਸੀ., ਬੀ. ਪੀ. ਸੀ. ਐੱਲ, ਐੱਚ. ਪੀ. ਸੀ. ਐੱਲ. ਦੇ ਤੇਲ ਟਰਮੀਨਲਸ ਦੇ ਆਲੇ-ਦੁਆਲੇ ਦੇ ਇਲਾਕੇ ਦੀ ਹੱਦ ‘ਚ ਕਿਸੇ ਵੀ ਸਮੇਂ ਪਟਾਕੇ ਚਲਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਲੋਕ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਮਨਜ਼ੂਰ ਕੀਤੇ ਸਮੇਂ ਤੋਂ ਇਲਾਵਾ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਹੁਕਮਾਂ ਦਾ ਉਲੰਘਣ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
News Credit :jagbani(punjabkesari)