ਕਿਸਾਨ ਅੰਦੋਲਨ ਹੋਇਆ ਹੋਰ ਤੇਜ਼, ਕਿਸਾਨਾਂ ਨੇ ਦਿੱਲੀ-ਨੋਇਡਾ ਸਰਹੱਦ ਕੀਤੀ ਬੰਦ

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦਲੋਨ ਜਾਰੀ ਹੈ। ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਕਿਸਾਨਾਂ ਦਾ ਅੰਦੋਲਨ 21ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਅਜਿਹੇ ਵਿਚ ਅੱਜ ਯਾਨੀ ਕਿ ਬੁੱਧਵਾਰ ਨੂੰ ਇਕ ਵਾਰ ਫਿਰ ਦਿੱਲੀ-ਨੋਇਡਾ ਸਰਹੱਦ ਨੂੰ ਕਿਸਾਨਾਂ ਵਲੋਂ ਬਲਾਕ ਕਰ ਦਿੱਤਾ ਗਿਆ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਵਲੋਂ ਪੇਸ਼ ਕੀਤੀਆਂ ਗਈਆਂ ਲਿਖਤੀ ਤਜਵੀਜ਼ਾਂ ਨੂੰ ਠੁਕਰਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ਼ ‘ਤੇ ਸਿਰਫ਼ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਹਾਂ, ਸੋਧ ਸਾਨੂੰ ਮਨਜ਼ੂਰ ਨਹੀਂ।
ਕਿਸਾਨ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। ਕੜਾਕੇ ਦੀ ਠੰਡ ‘ਚ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਡਟੇ ਹੋਏ ਹਨ। ਦਰਅਸਲ ਸੁਪਰੀਮ ਕੋਰਟ ਵਿਚ ਅੱਜ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਧਾਰ ਦਿੱਤੀ ਹੈ। ਕੁਝ ਦਿਨ ਪਹਿਲਾਂ ਨੋਇਡਾ ਸਰਹੱਦ ਨੂੰ ਖੋਲ੍ਹਿਆ ਗਿਆ ਸੀ ਪਰ ਹੁਣ ਦੂਜੀਆਂ ਜਥੇਬੰਦੀਆਂ ਨੇ ਇੱਥੇ ਮੋਰਚਾ ਸੰਭਾਲਿਆ ਹੈ। ਇਕ ਵਾਰ ਫਿਰ ਦਿੱਲੀ-ਨੋਇਡਾ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਲੰਬਾ ਆਵਾਜਾਈ ਜਾਮ ਲਿਆ ਗਿਆ ਅਤੇ ਇੱਥੇ ਭਾਰੀ ਪੁਲਸ ਫੋਰਸ ਤਾਇਨਾਤ ਹੈ। ਪੁਲਸ ਵਲੋਂ ਬੈਰੀਕੇਡ ਵੀ ਲਾਏ ਗਏ ਹਨ।
ਕਿਸਾਨ ਇੱਥੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਰੁਖ਼ ਸਾਫ਼ ਕਰਦੇ ਹੋਏ ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣਗੇ। ਜਦੋਂ ਤਕ ਉਨ੍ਹਾਂ ਨੂੰ ਹੱਕ ਵਾਪਸ ਨਹੀਂ ਮਿਲ ਜਾਂਦੇ, ਉਹ ਇਹ ਲੜਾਈ ਜਾਰੀ ਰੱਖਣਗੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਕਰਨ ਤੋਂ ਨਹੀਂ ਦੌੜ ਰਹੇ ਪਰ ਸਰਕਾਰ ਨੂੰ ਸਾਡੀਆਂ ਮੰਗਾਂ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਠੋਸ ਪ੍ਰਸਤਾਵ ਨਾਲ ਆਉਣਾ ਹੋਵੇਗਾ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ‘ਚ ਕਿਸਾਨ ਅੰਦੋਲਨ ਨਾਲ ਜੁੜੀਆਂ ਕਈ ਪਟੀਸ਼ਨਾਂ ‘ਤੇ ਅੱਜ ਸੁਣਵਾਈ ਵੀ ਹੋਣੀ ਹੈ, ਇਨ੍ਹਾਂ ਵਿਚ ਦਿੱਲੀ ਦੀਆਂ ਸਰਹੱਦਾਂ ‘ਤੇ ਭੀੜ ਇਕੱਠੀ ਕਰਨ, ਕੋਰੋਨਾ ਵਾਇਰਸ ਦੀ ਆਫ਼ਤ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਵਿਚ ਮਨੁੱਖੀ ਅਧਿਕਾਰਾਂ, ਪੁਲਸ ਦੀ ਕਾਰਵਾਈ ਅਤੇ ਕਿਸਾਨਾਂ ਦੀ ਮੰਗ ਮੰਨਣ ਦੀ ਅਪੀਲ ਵੀ ਕੀਤੀ ਗਈ ਹੈ। ਚੀਫ਼ ਜਸਟਿਸ ਐੱਸ. ਏ. ਬੋਬੜੇ, ਜਸਟਿਸ ਏ. ਐੱਸ. ਬੋਪੰਨਾ ਅਤੇ ਜਸਟਿਸ ਵੀ. ਰਾਮਸੁਬਰਮਣੀਅਮ ਦੀ ਬੈਂਚ ਇਸ ਬਾਬਤ ਸੁਣਵਾਈ ਕਰੇਗੀ।
News Credit :jagbani(punjabkesari)