ਕਿਸਾਨ ਅੰਦੋਲਨ ਦਰਮਿਆਨ ਪੰਜਾਬ ਭਾਜਪਾ ਵੀ ਹੋਈ ਸਰਗਰਮ, ਸ਼ਵੇਤ ਮਲਿਕ ਨੇ ਆਖੀ ਵੱਡੀ ਗੱਲ

ਅੰਮ੍ਰਿਤਸਰ : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ‘ਚ ਰੋਹ ਜਿੱਥੇ ਹੋਰ ਵੱਧ ਰਿਹਾ ਹੈ, ਉਥੇ ਹੀ ਪੰਜਾਬ ਭਾਜਪਾ ਨੇ ਇਕ ਵਾਰ ਫਿਰ ਇਨ੍ਹਾਂ ਕਾਨੂੰਨਾਂ ਦਾ ਪੱਖ ਪੂਰਦਿਆਂ ਵਿਰੋਧੀਆਂ ‘ਤੇ ਸਿਆਸਤ ਕਰਨ ਦੇ ਦੋਸ਼ ਲਗਾਏ ਹਨ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਭਰਾਵਾਂ ਕਰਕੇ ਹੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਅਤੇ ਮੋਦੀ ਤੋਂ ਵੱਧ ਕਿਸਾਨਾਂ ਅਤੇ ਪੰਜਾਬੀਆਂ ਦਾ ਸ਼ੁੱਭਚਿੰਤਕ ਕੋਈ ਨਹੀਂ ਹੋ ਸਕਦਾ। ਜਦਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਸਿਰਫ ਤੇ ਸਿਰਫ ਝੂਠੇ ਵਾਅਦੇ ਹੀ ਕੀਤੇ ਹਨ।
ਖੇਤੀ ਕਾਨੂੰਨਾਂ ਦੀ ਹਿਮਾਇਤ ਕਰਦਿਆਂ ਮਲਿਕ ਨੇ ਕਿਹਾ ਕਿ ਕੇਂਦਰ ਦੀ ਨੀਅਤ ਬਿਲਕੁਲ ਸਾਫ ਹੈ। ਪ੍ਰ੍ਰਧਾਨ ਮੰਤਰੀ ਦਾ ਟੀਚਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਇਕ ਏਕੜ ਵਿਚ ਜੇਕਰ ਝੋਨਾ ਜਾਂ ਕਣਕ ਲਗਾਈ ਜਾਂਦੀ ਹੈ ਤਾਂ ਇਸ ਤੋਂ ਕਿਸਾਨਾਂ ਨੂੰ 30 ਤੋਂ 50 ਹਜ਼ਾਰ ਤੱਕ ਦੀ ਆਮਦਨ ਹੁੰਦੀ ਹੈ, ਜਦਕਿ ਪ੍ਰਧਾਨ ਮੰਤਰੀ ਇਸ ਨੂੰ ਦੁੱਗਣੀ ਕਰਕੇ ਲੱਖਾਂ ਵਿਚ ਕਰਨਾ ਚਾਹੁੰਦੇ ਹਨ।
ਭਾਜਪਾ ਨੇਤਾ ਨੇ ਕਿਹਾ ਕਿ ਕਿਸਾਨ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ। ਲਿਹਾਜ਼ਾ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਮਾਹਰਾਂ ਨਾਲ ਸਮਝੌਤਾ ਕਰਕੇ ਕਿਸਾਨ ਉਨ੍ਹਾਂ ਦੀ ਸਲਾਹ ਨਾਲ ਅੱਗੇ ਵੱਧਣ ਅਤੇ ਆਪਣੀ ਆਮਦਨ ਦੁੱਗਣੀ ਕਰਨ। ਪ੍ਰਧਾਨ ਮੰਤਰੀ ਕਿਸਾਨਾਂ ਨੂੰ ਸੁਤੰਤਰ ਕਰਨਾ ਚਾਹੁੰਦੇ ਹਨ। ਇਸੇ ਮਨਸ਼ਾ ਨਾਲ ਕੇਂਦਰ ਸਰਕਾਰ ਵਲੋਂ ਇਹ ਕਾਨੂੰਨ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਕੋਈ ਵੀ ਨਵਾਂ ਕਾਨੂੰਨ ਨਹੀਂ ਲਿਆਂਦਾ ਸਿਰਫ ਸੋਧਾਂ ਕੀਤੀਆਂ ਗਈਆਂ ਹਨ। ਵਿਰੋਧੀਆਂ ‘ਤੇ ਹਮਲਾ ਬੋਲਦਿਆਂ ਮਲਿਕ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਹੁਣ ਹਾਰ ਰਹੀਆਂ ਹਨ, ਉਹ ਹੁਣ ਜਾਣ ਬੁੱਝ ਕੇ ਕੇਂਦਰ ਦਾ ਵਿਰੋਧ ਕਰ ਰਹੀਆਂ ਹਨ। ਪਹਿਲਾਂ ਇਨ੍ਹਾਂ ਪਾਰਟੀਆਂ ਨੇ ਹੀ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ ਅਤੇ ਹੁਣ ਇਹ ਹੀ ਕਿਸਾਨਾਂ ਦੇ ਮਸਲੇ ‘ਤੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ।

News Credit :jagbani(punjabkesari)