ਕਿਸਾਨ ਅੰਦੋਲਨ ਦਰਮਿਆਨ ਅੱਜ ਮੋਦੀ ਗੁਜਰਾਤ ‘ਚ ਕਿਸਾਨਾਂ ਨਾਲ ਕਰਨਗੇ ਮੁਲਾਕਾਤ

ਕੱਛ— ਖੇਤੀ ਕਾਨੂੰਨਾਂ ‘ਤੇ ਜਾਰੀ ਘਮਾਸਾਣ ਅਤੇ ਕਿਸਾਨ ਅੰਦੋਲਨ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਮੰਗਲਵਾਰ ਨੂੰ ਗੁਜਰਾਤ ਦੇ ਕੱਛ ਵਿਚ ਇਕ ਦਿਨ ਦੇ ਦੌਰੇ ‘ਤੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਕੱਛ ਦੇ ਕਿਸਾਨ ਭਾਈਚਾਰੇ ਤੋਂ ਇਲਾਵਾ ਗੁਜਰਾਤ ਦੇ ਸਿੱਖ ਕਿਸਾਨਾਂ ਨਾਲ ਵੀ ਮੁਲਾਕਾਤ ਕਰਨਗੇ। ਇਕ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਕੁਝ ਪ੍ਰਾਜੈਕਟਾਂ ਦਾ ਵੀ ਨੀਂਹ ਪੱਥਰ ਰੱਖਣਗੇ ਅਤੇ ਕੱਛ ਦੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਕਿਸਾਨਾਂ ਨਾਲ ਇਸ ਮੁਲਾਕਾਤ ਜ਼ਰੀਏ ਸਿੱਖ ਭਾਈਚਾਰੇ ਅਤੇ ਕਿਸਾਨਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਪਿਛਲੇ 19 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਕ ਪ੍ਰੈੱਸ ਜਾਣਕਾਰੀ ਮੁਤਾਬਕ ਭਾਰਤ-ਪਾਕਿਸਤਾਨ ਸਰਹੱਦ ਕੋਲ ਵੱਸੇ ਸਿੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੱਛ ਜ਼ਿਲ੍ਹੇ ਦੇ ਲਖਪਤ ਤਾਲੁਕਾ ਵਿਚ ਅਤੇ ਇਸ ਦੇ ਆਲੇ-ਦੁਆਲੇ ਮਿਲਾ ਕੇ ਕਰੀਬ 5,000 ਸਿੱਖ ਪਰਿਵਾਰ ਰਹਿੰਦੇ ਹਨ। ਮਿਲੀ ਜਾਣਕਾਰੀ ਮੁਤਾਬਕ ਮੋਦੀ ਕਿਸਾਨ ਵਿਕਾਸ ਯੋਜਨਾ ਅਧੀਨ ਕੱਛ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਨ ਸੰਘ ਲਿਮਟਿਡ ਵਲੋਂ 129 ਕਰੋੜ ਰੁਪਏ ਤੋਂ ਵੱਧ ਦੇ ਖਰਚ ਨਾਲ ਤਿਆਰ ਹੋਣ ਵਾਲੇ ਡੇਰੀ ਪਲਾਂਟ ਦਾ ਭੂਮੀ ਪੂਜਨ ਵੀ ਕਰਨਗੇ, ਇਹ ਪ੍ਰਾਜੈਕਟ ਵੀ ਕਿਸਾਨਾਂ ਲਈ ਹੀ ਹੋਵੇਗਾ।
News Credit :jagbani(punjabkesari)