ਵਰਤ ਪਵਿੱਤਰ ਹੁੰਦਾ ਹੈ, ਕਿਸਾਨਾਂ ਲਈ ਸਾਰੇ ਲੋਕ ਰੱਖਣ ਵਰਤ : ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਲੋਕਾਂ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਇਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅੰਤ ‘ਚ ਕਿਸਾਨਾਂ ਦੀ ਜਿੱਤ ਹੋਵੇਗੀ। ਕੇਜਰੀਵਾਲ ਵੀ ਕਿਸਾਨਾਂ ਦੇ ਸਮਰਥਨ ‘ਚ ਸੋਮਵਾਰ ਨੂੰ ਇਕ ਦਿਨ ਦੀ ਭੁੱਖ-ਹੜਤਾਲ ਕਰ ਰਹੇ ਹਨ। ਪ੍ਰਦਰਸ਼ਨਕਾਰੀ ਕਿਸਾਨ ਸੰਘਾਂ ਦੇ ਨੇਤਾਵਾਂ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਇਕ ਦਿਨ ਦੀ ਭੁੱਖ-ਹੜਤਾਲ ਕਰਨਗੇ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਦਬਾਅ ਬਣਾਉਣ ਲਈ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ ‘ਚ ਪ੍ਰਦਰਸ਼ਨ ਕਰਨਗੇ। ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ (ਆਪ) ਦੇ ਸਵੈ-ਸੇਵਕਾਂ, ਸਮਰਥਕਾਂ ਅਤੇ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਦੇ ਅੰਦੋਲਨ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਕੇਜਰੀਵਾਲ ਨੇ ਟਵੀਟ ਕੀਤਾ,”ਉਪਵਾਸ (ਵਰਤ) ਪਵਿੱਤਰ ਹੁੰਦਾ ਹੈ। ਤੁਸੀਂ ਜਿੱਥੇ ਹੋ, ਉੱਥੇ ਹੀ ਸਾਡੇ ਕਿਸਾਨ ਭਰਾਵਾਂ ਲਈ ਵਰਤ ਰੱਖੋ। ਪ੍ਰਭੂ ਤੋਂ ਉਨ੍ਹਾਂ ਦੇ ਸੰਘਰਸ਼ ਦੀ ਪ੍ਰਾਰਥਨਾ ਕਰੋ। ਅੰਤ ‘ਚ ਕਿਸਾਨਾਂ ਦੀ ਜ਼ਰੂਰੀ ਜਿੱਤ ਹੋਵੇਗੀ।” ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਕਿਹਾ ਕਿ ਉਹ ਵੀ ਪਾਰਟੀ ਦਫ਼ਤਰ ‘ਚ ਪਾਰਟੀ ਦੇ ਹੋਰ ਮੈਂਬਰਾਂ ਨਾਲ ਇਕ ਦਿਨ ਦੀ ਭੁੱਖ-ਹੜਤਾਲ ਕਰਨਗੇ। ਸਿਸੋਦੀਆ ਨੇ ਟਵੀਟ ਕੀਤਾ,”ਦੇਸ਼ ਦਾ ਅੰਨਦਾਤਾ ਕਿਸਾਨ ਆਪਣੀ ਰੋਜ਼ੀ-ਰੋਟੀ ਬਚਾਉਣ ਖ਼ਾਤਰ, ਕੇਂਦਰ ਸਰਕਾਰ ਦੇ ਤਿੰਨਾਂ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਕਰਦੇ ਹੋਏ ਅੱਜ ਭੁੱਖ-ਹੜਤਾਲ ‘ਤੇ ਹਨ। ਕਿਸਾਨਾਂ ਦੀ ਮੰਗ ਦੇ ਸਮਰਥਨ ‘ਚ ਅੱਜ ਆਮ ਆਦਮੀ ਪਾਰਟੀ ਦਫ਼ਤਰ ‘ਚ ਸਾਰੇ ਸਾਥੀਆਂ ਨਾਲ ਮੈਂ ਵੀ ਵਰਤ ‘ਤੇ ਹਾਂ।”