ਕਿਸਾਨ ਮੁੱਦਿਆਂ ਨੂੰ ਲੈ ਕੇ ‘ਮੰਥਨ’, ਅਮਿਤ ਸ਼ਾਹ ਨਾਲ ਖੇਤੀਬਾੜੀ ਮੰਤਰੀ ਦੀ ਅਹਿਮ ਬੈਠਕ

ਨਵੀਂ ਦਿੱਲੀ— ਕਿਸਾਨਾਂ ਦੇ ਮੁੱਦੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਬੈਠਕ ਸ਼ੁਰੂ ਹੋ ਗਈ ਹੈ। ਇਹ ਬੈਠਕ ਅਮਿਤ ਸ਼ਾਹ ਦੇ ਘਰ ਹੋ ਰਹੀ ਹੈ। ਸੂਤਰਾਂ ਮੁਤਾਬਕ ਇਸ ਬੈਠਕ ‘ਚ ਕਿਸਾਨਾਂ ਨੂੰ ਲੈ ਕੇ ਵੱਡਾ ਫ਼ੈਸਲਾ ਆ ਸਕਦਾ ਹੈ। ਇਸ ਬੈਠਕ ‘ਚ ਕੈਬਨਿਟ ਸਕੱਤਰ ਰਾਜੀਵ ਗਾਬਾ, ਗ੍ਰਹਿ ਸਕੱਤਰ ਅਜੇ ਭੱਲਾ ਵੀ ਮੌਜੂਦ ਹਨ।
ਦੱਸ ਦੇਈਏ ਕਿ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਅੱਜ 19ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਨੂੰ ਮਨਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਸਰਕਾਰ ਨੇ ਇਕ ਵਾਰ ਫਿਰ ਅਹਿਮ ਬੈਠਕ ਬੁਲਾਈ ਹੈ। ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਕਰ ਕੇ ਕਿਸੇ ਨਤੀਜੇ ‘ਤੇ ਨਾ ਪਹੁੰਚ ਕਾਰਨ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਭੁੱਖ-ਹੜਤਾਲ ‘ਤੇ ਬੈਠੇ ਹਨ। ਕਿਸਾਨ ਚਾਹੁੰਦੇ ਹਨ ਕਿ ਸਰਕਾਰ ਇਨ੍ਹਾਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਕੋਈ ਸੋਧ ਮਨਜ਼ੂਰ ਨਹੀਂ ਹੈ।