ਕਿਸਾਨਾਂ ਦਾ ਦੋਸ਼- ‘ਸਰਕਾਰ MSP ਦੇ ਮੁੱਦੇ ‘ਤੇ ਕਰ ਰਹੀ ਹੈ ਗੁੰਮਰਾਹ’

ਨਵੀਂ ਦਿੱਲੀ/ਹਰਿਆਣਾ— ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਭੁੱਖ-ਹੜਤਾਲ ‘ਤੇ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ, ਜਿਸ ਨੂੰ ਸਰਕਾਰ ਨਹੀਂ ਮੰਨ ਰਹੀ ਹੈ। ਜਿਸ ਕਾਰਨ ਕਿਸਾਨ ਅੱਜ ਇਕ ਦਿਨ ਦੀ ਭੁੱਖ-ਹੜਤਾਲ ‘ਤੇ ਬੈਠੇ ਹਨ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਆਗੂ ਗੁਰਨਾਮ ਸਿੰਘ ਚਢੂਨੀ ਦਾ ਕਹਿਣਾ ਹੈ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੇ ਮੁੱਦੇ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 8 ਦਸੰਬਰ ਨੂੰ ਹੋਈ ਮੀਟਿੰਗ ‘ਚ ਕਿਹਾ ਸੀ ਕਿ ਸਰਕਾਰ ਸਾਰੀਆਂ 23 ਫ਼ਸਲਾਂ ਨੂੰ ਐੱਮ. ਐੱਸ. ਪੀ. ‘ਤੇ ਨਹੀਂ ਖਰੀਦ ਸਕਦੀ, ਕਿਉਂਕਿ ਇਸ ਨਾਲ 17 ਲੱਖ ਕਰੋੜ ਦਾ ਖਰਚ ਹੁੰਦਾ ਹੈ।
ਗੁਰਨਾਮ ਸਿੰਘ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਫ਼ਸਲਾਂ ਨੂੰ ਉਸ ਰਕਮ ‘ਤੇ ਖਰੀਦਣਾ ਜਾਰੀ ਰੱਖੇਗੀ, ਜਿਵੇਂ ਉਹ ਪਹਿਲਾਂ ਹੀ ਕਰ ਰਹੀ ਹੈ। ਪਰ ਅਸੀਂ ਹੁਣ ਉਸ ‘ਤੇ ਹੋਰ ਨਹੀਂ ਜੀ ਸਕਦੇ। ਕੇਂਦਰ ਸਰਕਾਰ ਸਾਰੇ ਸੂਬਿਆਂ ਤੋਂ ਐੱਮ. ਐੱਸ. ਪੀ. ਤੋਂ ਫ਼ਸਲਾਂ ਨਹੀਂ ਖਰੀਦ ਰਹੀ। ਦੱਸ ਦੇਈਏ ਕਿ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ‘ਤੇ ਅੜੇ ਹਨ ਅਤੇ ਐੱਮ. ਐੱਸ. ਪੀ. ‘ਤੇ ਗਰੰਟੀ ਕਾਨੂੰਨ ਚਾਹੁੰਦੇ ਹਨ।
ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ‘ਚ ਕੋਈ ਸਿੱਟਾ ਨਹੀਂ ਨਿਕਲਿਆ, ਜਿਸ ਕਾਰਨ ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। ਅੱਜ ਦਿੱਲੀ ਦੇ ਸਿੰਘੂ, ਟਿਕਰੀ, ਗਾਜ਼ੀਪੁਰ ‘ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਭੁੱਖ-ਹੜਤਾਲ ਜਾਰੀ ਹੈ। ਅੱਜ ਸ਼ਾਮ ਗਾਜ਼ੀਪੁਰ ਅਤੇ ਹੋਰ ਸਰਹੱਦਾਂ ‘ਤੇ ਕਿਸਾਨਾਂ ਦੀ ਬੈਠਕ ਹੋਵੇਗੀ। ਇਸ ਤੋਂ ਬਾਅਦ ਸਿੰਘੂ ਸਰਹੱਦ ‘ਤੇ ਸਾਰੇ ਸੰਗਠਨ ਮਿਲਣਗੇ ਅਤੇ ਅੱਗੇ ਦੀ ਰਣਨੀਤੀ ‘ਤੇ ਮੰਥਨ ਕਰਨਗੇ।