ਜੇਲ੍ਹਾਂ ‘ਚ ਬੰਦ ਲੋਕਾਂ ਦੇ ਪੋਸਟਰ ਲਹਿਰਾਉਣ ਦਾ ਮੁੱਦਾ ਭਖਿਆ, ਖੇਤੀਬਾੜੀ ਮੰਤਰੀ ਨੇ ਜਤਾਇਆ ਇਤਰਾਜ਼

ਜਲੰਧਰ : ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨੀ ਘੋਲ ਲਗਾਤਾਰ ਜਾਰੀ ਹੈ। 17ਵੇਂ ਦਿਨ ‘ਚ ਪਹੁੰਚੇ ਇਸ ਕਿਸਾਨੀ ਅੰਦੋਲਨ ਨੇ ਸਰਕਾਰਾਂ ਨੂੰ ਇਸ ਬਿੱਲ ਸਬੰਧੀ ਮੁੜ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਤੇ ਅੜੇ ਹਨ ਅਤੇ ਕੇਂਦਰ ਸਰਕਾਰ 10 ਤਜਵੀਜ਼ਾਂ ਭੇਜ ਕੇ ਕਿਸਾਨਾਂ ਦੀ ਸਹਿਮਤੀ ਦੀ ਉਡੀਕ ਕਰ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਮੰਗਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ।ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਹਾੜੇ ‘ਤੇ ਜੇਲ੍ਹਾਂ ‘ਚ ਬੰਦ ਅਤੇ ਹਕੂਮਤ ਦੇ ਸ਼ਿਕਾਰ ਬੁੱਧੀਜੀਵੀਆਂ ਦੇ ਪੋਸਟਰਾਂ ਨੂੰ ਕਿਸਾਨੀ ਅੰਦੋਲਨ ‘ਚ ਉਭਾਰਨ ਦਾ ਮੁੱਦਾ ਭਖਣ ਲੱਗ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਲਾਈ ਸਟੇਜ ਤੇ ਦਿੱਲੀ ਹਿੰਸਾ ਦੇ ਦੋਸ਼ੀ ਸ਼ਰਜੀਲ ਇਮਾਮ ਅਤੇ ਕਥਿਤ ਤੌਰ ‘ਤੇ ਜੇ ਐਨ ਯੂਨੀਵਰਸਿਟੀ ਅੰਦਰ ਦੇਸ਼ ਵਿਰੋਧੀ ਨਾਅਰੇਬਾਜ਼ੀ ਲਾਉਣ ਲਈ ਦਿੱਲੀ ਪੁਲਿਸ ਵੱਲੋਂ ਰਾਜਧ੍ਰੋਹ ਦੀ ਧਾਰਾ ਤਹਿਤ ਚਾਰਜ ਕੀਤੇ ਗਏ ਉਮਰ ਖ਼ਾਲਿਦ ਦੇ ਪੋਸਟਰ ਲਹਿਰਾਉਣ ਦੇ ਮੁੱਦੇ ਦਾ ਜਿੱਥੇ ਕਿਸਾਨ ਅੰਦੋਲਨ ਚ ਸ਼ਾਮਿਲ ਬਹੁਤ ਸਾਰੇ ਕਾਰਕੁਨਾਂ ਨੇ ਜੰਮ ਕੇ ਵਿਰੋਧ ਕੀਤਾ ਉਥੇ ਹੀ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਵੀ ਇਸ ਮੁੱਦੇ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਅੰਦੋਲਨ ਚ ਦਿੱਲੀ ਹਿੰਸਾ ਦੇ ਆਰੋਪੀ ਸ਼ਰਜੀਲ ਇਮਾਮ ਅਤੇ ਉਮਰ ਖ਼ਾਲਿਦ ਦੇ ਪੋਸਟਰ ਲਹਿਰਾਉਣੇ ਕਿਸਾਨਾਂ ਦੇ ਮੁੱਦੇ ਨਹੀਂ ਹੋ ਸਕਦੇ।ਤੋਮਰ ਨੇ ਕਿਹਾ ਕਿ ਕੁਝ ਲੋਕ ਅੰਦੋਲਨ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੁਚੇਤ ਰਹਿਣ ਅਤੇ ਅਜਿਹੇ ਲੋਕਾਂ ਨੂੰ ਆਪਣੇ ਮੰਚ ਤੋਂ ਦੂਰ ਰੱਖਣ।
ਕੀ ਕਹਿਣਾ ਜੋਗਿੰਦਰ ਸਿੰਘ ਉਗਰਾਹਾਂ ਦਾ
ਇਸ ਮੁੱਦੇ ਤੇ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਸਾਲਾਂ ਤੋਂ ਇਹ ਦਿਹਾੜੇ ਮਨਾਉਂਦੀ ਆ ਰਹੀ ਹੈ ।ਅਸੀਂ ਜ਼ੁਲਮ ਵਿਰੁੱਧ ਆਵਾਜ਼ ਚੁੱਕਣ ਵਾਲੇ ਹਰ ਯੋਧੇ ਨੂੰ ਸਲਾਮ ਕਰਦੇ ਹਾਂ ਤੇ ਖ਼ਾਸ ਦਿਨ ਦਿਹਾੜੇ ਮੌਕੇ ਉਨ੍ਹਾਂ ਨੂੰ ਯਾਦ ਕਰਦੇ ਹਾਂ।ਅਸੀਂ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਵੀ ਮਨਾਉਂਦੇ ਹਾਂ,ਭਗਤ ਸਿੰਘ ਦਾ ਵੀ ਤੇ ਕਰਤਾਰ ਸਿੰਘ ਸਰਾਭੇ ਦਾ ਵੀ। ਜਿੱਥੇ ਕਿਤੇ ਵੀ ਮਨੁੱਖਤਾ ‘ਤੇ ਜ਼ੁਲਮ ਹੋਵੇਗਾ ਅਸੀਂ ਉਸਦੇ ਵਿਰੁੱਧ ਆਵਾਜ਼ ਉਠਾਵਾਂਗੇ। ਅਸੀਂ 84 ‘ਚ ਜਾਨਾਂ ਗੁਆਉਣ ਵਾਲਿਆਂ ਦੀ ਗੱਲ ਕਰਦੇ ਹਾਂ।ਕੱਲ੍ਹ ਮਨੁੱਖੀ ਅਧਿਕਾਰਾਂ ਦਾ ਦਿਹਾੜਾ ਸੀ ਤੇ ਭਾਰਤ ‘ਚ ਘੱਟ ਗਿਣਤੀਆਂ ‘ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਬੋਲਣ ਵਾਲਿਆਂ ਨੂੰ ਯਾਦ ਕਰਨਾ ਸਾਡੀ ਜਥੇਬੰਦੀ ਦਾ ਅਸੂਲ ਹੈ।ਜ਼ੁਲਮ ਵਿਰੁੱਧ ਬੋਲਣ ਕਾਰਨ ਸਾਡੇ ਕਈ ਜੁਝਾਰੂਆਂ ਨੂੰ ਆਪਣੀਆਂ ਜਾਨਾਂ ਵੀ ਗੁਆਉਣੀਆਂ ਪਈਆਂ ਹਨ।ਸੋ ਇਸ ਦਿਹਾੜੇ ਉਨ੍ਹਾਂ ਨੂੰ ਯਾਦ ਕਰਨਾ ਸਾਡਾ ਫ਼ਰਜ਼ ਹੈ।
ਪੰਜਾਬ ਭਾਜਪਾ ਦੇ ਜਨਰਲ ਸੱਕਤਰ ਨੇ ਕਿਸਾਨਾਂ ਨੂੰ ਕੀਤਾ ਆਗਾਹ
ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸੱਕਤਰ ਡਾ. ਸੁਭਾਸ਼ ਸ਼ਰਮਾ ਨੇ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ ਲਹਿਰ ‘ਚ ਨਕਸਲੀ ਅਤੇ ਵੰਡ ਪਾਊ ਤਾਕਤਾਂ ਦੀ ਘੁਸਪੈਠ ਹੋਣ ਬਾਰੇ ਆਗਾਹ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਦੂਜੇ ਸੂਬਿਆਂ ‘ਚ ਗ੍ਰਿਫ਼ਤਾਰ ਕੀਤੇ ਗਏ ਨਕਸਲੀ ਅਤੇ ਦੇਸ਼ ਵਿਰੋਧੀ ਅਨਸਰਾਂ ਦੀ ਰਿਹਾਈ ਦੀ ਮੰਗ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਵਿਨਾਸ਼ਕਾਰੀ ਤਾਕਤਾਂ ਨੇ ਕਿਸਾਨੀ ਲਹਿਰ ਦੀ ਆੜ ਹੇਠ ਉਨ੍ਹਾਂ ਦੀ ਇਸ ਸਥਿਤੀ ਦਾ ਲਾਭ ਲੈਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਅਨਸਰਾਂ ਨੂੰ ਬਾਹਰ ਕੱਢਣ ਕਿਉਂਕਿ ਉਹ ਕਿਸਾਨਾਂ ਦੇ ਵਿਰੋਧ ਨੂੰ ਹੋਰ ਭੜਕਾ ਕੇ ਆਪਣਾ ਸੁਆਰਥ ਪੂਰਾ ਕਰਨਾ ਚਾਹੁੰਦੇ ਹਨ।