PM ਮੋਦੀ ਨੇ ਸੋਨੀਆ ਗਾਂਧੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਲੰਬੀ ਉਮਰ ਦੀ ਕੀਤੀ ਕਾਮਨਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ। ਰਾਏਬਰੇਲੀ ਤੋਂ ਸੰਸਦ ਮੈਂਬਰ ਸ਼੍ਰੀਮਤੀ ਸੋਨੀਆ ਗਾਂਧੀ ਅੱਜ 74 ਸਾਲ ਦੀ ਹੋ ਗਈ ਹੈ। ਮੋਦੀ ਨੇ ਕਾਂਗਰਸ ਪ੍ਰਧਾਨ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਟਵੀਟ ਕੀਤਾ,”ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਜਨਮ ਦਿਨ ਦੀ ਸ਼ੁੱਭਕਾਮਨਾ। ਈਸ਼ਵਰ ਉਨ੍ਹਾਂ ਨੂੰ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਪ੍ਰਦਾਨ ਕਰੇ।”
ਸੋਨੀਆ ਗਾਂਧੀ ਦਾ ਜਨਮ 9 ਦਸੰਬਰ 1946 ਨੂੰ ਇਟਲੀ ਦੇ ਲੁਸਿਆਨਾ ‘ਚ ਹੋਇਆ ਸੀ। ਇਸ ਤੋਂ ਬਾਅਦ ਵਿਦੇਸ਼ ‘ਚ ਪੜ੍ਹਾਈ ਦੌਰਾਨ ਉਨ੍ਹਾਂ ਦੀ ਮੁਲਾਕਾਤ ਰਾਜੀਵ ਗਾਂਧੀ ਨਾਲ ਹੋਈ ਸੀ। ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ਸੀ। ਰਾਜੀਵ ਗਾਂਧੀ ਦੀ ਮੌਤ ਦੇ ਬਾਅਦ ਤੋਂ ਸੋਨੀਆ ਗਾਂਧੀ ਕਾਂਗਰਸ ਪਾਰਟੀ ‘ਚ ਸਭ ਤੋਂ ਵੱਡੇ ਚਿਹਰੇ ਦੇ ਤੌਰ ‘ਤੇ ਕਮਾਨ ਸੰਭਾਲ ਰਹੀ ਹੈ। 19 ਸਾਲਾਂ ਤੱਕ ਲਗਾਤਾਰ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਰਹਿਣ ਤੋਂ ਬਾਅਦ ਹੁਣ ਇਕ ਵਾਰ ਫਿਰ ਅੰਤਰਿਮ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ। ਹਾਲਾਂਕਿ ਸੋਨੀਆ ਗਾਂਧੀ ਨੇ ਇਸ ਸਾਲ ਆਪਣਾ ਜਨਮ ਦਿਨ ਨਹੀਂ ਮਨਾਉਣ ਦੀ ਗੱਲ ਕਹੀ ਹੈ। ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਇਸ ਵਾਰ ਕਿਸਾਨ ਅੰਦੋਲਨ ਕਾਰਨ ਉਹ ਆਪਣਾ ਜਨਮ ਦਿਨ ਨਹੀਂ ਮਨਾਏਗੀ। ਇਹੀ ਕਾਰਨ ਹੈ ਕਿ ਇਸ ਮੌਕੇ ਕਾਂਗਰਸ ਪਾਰਟੀ ਵਲੋਂ ਕੋਈ ਖਾਸ ਆਯੋਜਨ ਨਹੀਂ ਕੀਤਾ ਗਿਆ ਹੈ।
News Credit :jagbani(punjabkesari)