ਭਾਰਤ ’ਚ ਆਈ ਇਕ ਹੋਰ ਰਹੱਸਮਈ ਬੀਮਾਰੀ, ਮਰੀਜ਼ਾਂ ਦੇ ਖੂਨ ’ਚ ਮਿਲੀ ਇਹ ਖ਼ਤਰਨਾਕ ਚੀਜ਼

ਐਲੂਰੁ– ਕੋਰੋਨਾ ਦੇ ਕਹਿਰ ’ਚ ਆਂਧਰ-ਪ੍ਰਦੇਸ਼ ਦੇ ਐਲੂਰੁ ਸ਼ਹਿਰ ’ਚ ਫੈਲੀ ਰਹੱਸਮਈ ਬੀਮਾਰੀ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਬੀਮਾਰੀ ਦੀ ਚਪੇਟ ’ਚ ਹੁਣ ਤਕ 500 ਤੋਂ ਵੀ ਜ਼ਿਆਦਾ ਲੋਕ ਆ ਚੁੱਕੇ ਹਨ। ਬੇਹੋਸ਼ੀ ਅਤੇ ਮਿਰਗੀ ਦੇ ਦੋਰੇ ਆਉਣ ਵਾਰਗੇ ਲੱਛਣ ਵਿਖਣ ਤੋਂ ਬਾਅਦ ਲੋਕਾਂ ਨੂੰ ਹਸਪਤਾਲਾਂ ’ਚ ਦਾਖਲ ਕਰਵਾਇਆ ਜਾ ਰਿਹਾ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਲੋਕ ਇਸ ਬੀਮਾਰੀ ਤੋਂ ਜਲਦੀ ਠੀਕ ਵੀ ਹੋ ਰਹੇ ਹਨ।
ਰਾਜ ਦੇ ਸਿਹਤ ਮੰਤਰੀ ਏ.ਕੇ. ਕ੍ਰਿਸ਼ਣਾ ਸ਼੍ਰੀਨਿਵਾਸ ਮੁਤਾਬਕ, ਇਸ ਬੀਮਾਰੀ ਨਾਲ ਪੀੜਤ 510 ’ਚੋਂ 430 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਇਸ ਨਾਲ ਹੁਣ ਤਕ ਇਕ ਮੌਤ ਹੋਣ ਦੀ ਵੀ ਖ਼ਬਰ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ। ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (AIIMS), ਦਿੱਲੀ ਦੀ ਟੀਮ ਇਸ ਰਹੱਸਮਈ ਬੀਮਾਰੀ ਦੀ ਜਾਂਚ ਕਰ ਰਹੀ ਸੀ ਅਤੇ ਇਸ ਦੇ ਸ਼ੁਰੂਆਤੀ ਨਤੀਜੇ ਸਾਹਮਣੇ ਆਏ ਹਨ।
ਏਮਸ ਦੀ ਜਾਂਚ ’ਚ ਬੀਮਾਰ ਲੋਕਾਂ ਦੇ ਖੂਨ ਦੇ ਨਮੂਨਿਆਂ ’ਚ ਸੀਸਾ (Lead) ਅਤੇ ਨਿਕਲ (Nickel) ਵਰਗੇ ਭਾਰੀ ਕੈਮੀਕਲ ਪਾਏ ਗਏ ਹਨ। ਰਾਸ਼ਟਰੀ ਪੋਸ਼ਣ ਸੰਸਥਾ (NIN) ਦੀ ਟੀਮ ਹੁਣ ਪਾਣੀ, ਖਾਣ ਵਾਲੇ ਤੇਲ ਅਤੇ ਚੌਲਾਂ ਦੇ ਸੈਂਪਲ ਇਕੱਠੇ ਕਰ ਰਹੀ ਹੈ। ਹਾਲਾਂਕਿ ਚਿੰਤਾ ਦੀ ਗੱਲ ਇਹ ਹੈ ਕਿ ਬੀਮਾਰੀ ਕਿਸੇ ਵਿਸ਼ੇਸ਼ ਖੇਤਰ ਤਕ ਹੀ ਸੀਮਿਤ ਨਹੀਂ ਹੈ। NIN ਦੇ ਇਕ ਵਿਗਿਆਨੀ ਨੇ ਕਿਹਾ ਕਿ ਜੇਕਰ ਇਹ ਪਾਣੀ ਜਾਂ ਹਵਾ-ਜਨਿਤ ਹੁੰਦਾ ਤਾਂ ਇਸ ਨਾਲ ਇਕ ਵਿਸ਼ੇਸ਼ ਖੇਤਰ ਦੇ ਲੋਕ ਪ੍ਰਭਾਵਿਤ ਹੁੰਦੇ। ਇਸ ਰਹੱਸਮਈ ਬੀਮਾਰੀ ਨਾਲ ਲਗਭਗ ਪੂਰਾ ਐਲੂਰੁ ਸ਼ਹਿਰ ਪ੍ਰਭਾਵਿਤ ਹੈ। ਜ਼ਿਆਦਾ ਮਾਮਲਿਆਂ ’ਚ ਪਰਿਵਾਰ ਦਾ ਸਿਰਫ ਇਕ ਮੈਂਬਰ ਪ੍ਰਭਾਵਿਤ ਹੋਇਆ ਹੈ, ਜੋ ਕਿ ਹੈਰਾਨ ਕਰਨ ਵਾਲਾ ਹੈ।
ਇਕ ਸਿਹਤ ਅਧਿਕਾਰੀ ਨੇ ਕਿਹਾ ਕਿ ਲਗਭਗ ਸਾਰੇ ਪ੍ਰਭਾਵਿਤ ਵਿਅਕਤੀ ਐਲੂਰੁ ਦੇ ਸ਼ਹਿਰੀ ਇਲਾਕੇ ’ਚੋਂ ਹਨ, ਜੋ 70 ਫੀਸਦੀ ਲੋਕ ਟਾਊਨ ਏਰੀਆ ’ਚੋਂ ਹਨ। ਐਲੂਰੁ ਦੇ ਪੇਂਡੂ ਅਤੇ ਨੇੜੇ ਦੇ ਇਲਾਕੇ ਪ੍ਰਭਾਵਿਤ ਨਹੀਂ ਹੋਏ। ਐਤਵਾਰ ਨੂੰ ਲਏ ਗਏ ਪਾਣੀ ਦੇ ਨਮੂਨੇ ਦੂਸ਼ਿਤ ਨਹੀਂ ਪਾਏ ਗਏ ਪਰ ਸਿਹਤ ਅਧਿਕਾਰੀ ਅਤੇ ਖ਼ੁਰਾਕ ਸਰੋਤਾਂ ਦੀ ਜਾਂਚ ਲਈ ਇਨ੍ਹਾਂ ਖੇਤਰਾਂ ’ਚ ਵਾਪਸ ਜਾ ਰਹੇ ਹਨ।
ਐਲੂਰੁ ਦੇ ਸਰਕਾਰੀ ਹਸਪਤਾਲ ਦੇ ਨੋਡਲ ਅਧਿਕਾਰੀ ਡਾਕਟਰ ਏ.ਐੱਸ. ਰਾਮ ਨੇ ਕਿਹਾ ਕਿ ਜ਼ਿਆਦਾਤਰ ਮਰੀਜ਼ਾਂ ਨੂੰ ਮਿਰਗੀ ਦੇ ਦੋਰੇ ਆਏ। ਕੁਝ ਲੋਕਾਂ ਨੇ ਮਾਸ ਹਿਸਟੀਰੀਆ ਦੀ ਸ਼ਿਕਾਇਤ ਕੀਤੀ, ਜੋ ਅਸਲ ’ਚ ਨਹੀਂ ਸੀ। ਕਈ ਮਰੀਜ਼ਾਂ ਨੇ ਸਿਰ ’ਤੇ ਮਾਮੂਲੀ ਸੱਟ ਜਾਂ ਅੱਖਾਂ ’ਚ ਕਾਲਾਪਨ ਵਰਗੇ ਲੱਛਣ ਦੱਸੇ, ਕੁਝ ਲੋਕ ਅਚਾਨਕ ਹੀ ਬੇਹੋਸ਼ ਹੋ ਗਏ। ਉਥੇ ਹੀ ਕਈ ਮਰੀਜ਼ਾਂ ਨੇ ਦੋਰੇ ਤੋਂ ਬਾਅਦ ਗੈਸਟ੍ਰਿਕ ਸਮੱਸਿਆਵਾਂ ਜਾਂ ਢਿੱਡ ’ਚ ਦਰਦ ਦੀ ਸ਼ਿਕਾਇਤ ਕੀਤੀ।
ਡਾਕਟਰ ਰਾਮ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ’ਚ ਹੁਣ ਕਮੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਦੇ ਦਿਨ ਜ਼ਿਆਦਾ ਮਰੀਜ਼ ਨਹੀਂ ਸਨ। ਹੁਣ ਡਿਸਚਾਰਜ ਦੀ ਦਰ ਵੀ ਜ਼ਿਆਦਾ ਹੈ। ਦੋ ਜਾਂ ਤਿੰਨ ਘੰਟਿਆਂ ਦੇ ਅੰਦਰ ਜ਼ਿਆਦਾਤਰ ਲੋਕਾਂ ਨੂੰ ਹਸਪਾਤ ਤੋਂ ਛੁੱਟੀ ਦਿੱਤੀ ਜਾ ਰਹੀ ਹੈ। ਇਸ ਵਿਚਕਾਰ ਮੁੱਖ ਮੰਤਰੀ ਵਾਈ ਐੱਸ. ਜਗਨ ਮੋਹਨ ਰੈੱਡੀ ਨੇ ਲੋਕਾਂ ਦੇ ਬਲੱਡ ਸੈਂਪਲ ’ਚ ਮਿਲੇ ਸੀਸਾ ਅਤੇ ਨਿਕਲ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਅਜਿਹੇ ਭਾਰੀ ਤੱਤ ਪ੍ਰਭਾਵਿਤ ਥਾਵਾਂ ਅਤੇ ਸ਼ਰੀਰ ਦੇ ਅੰਦਰ ਕਿਵੇਂ ਪਹੁੰਚ ਰਹੇ ਹਨ।
ਏਮਸ (ਦਿੱਲੀ), ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਪੁਣੇ) ਅਤੇ ਸੈਂਟਰ ਫਾਰ ਡਿਜੀਟ ਕੰਟਰੋਲ (ਦਿੱਲੀ) ਦੇ ਸਿਹਤ ਮਾਹਿਰਾਂ ਨੇ ਮੰਗਲਵਾਰ ਨੂੰ ਰਾਜ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਨਾਲ ਹੀ ਪ੍ਰਭਾਵਿਤ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ।
News Credit :jagbani(punjabkesari)