ਚੰਡੀਗੜ੍ਹ : ਦੇਸ਼ਭਰ ਦੀਆਂ 472 ਕਿਸਾਨ-ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ‘ਚ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਭਰ ‘ਚ 30 ਕਿਸਾਨ ਜਥੇਬੰਦੀਆਂ ਵਲੋਂ ਆਵਾਜਾਈ ਠੱਪ ਕੀਤੀ ਗਈ ਅਤੇ ਬਾਜ਼ਾਰ ਵੀ ਬੰਦ ਰਹੇ। ਕਿਸਾਨ ਜਥੇਬੰਦੀਆਂ ਨਾਲ ਇਕਜੁਟਤਾ ਪ੍ਰਗਟਾਉਂਦਿਆਂ ਵਪਾਰੀਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਸਮੇਤ ਸਾਰੇ ਵਰਗਾਂ ਵਲੋਂ ਬੰਦ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 3 ਖੇਤੀ ਕਾਨੂੰਨਾਂ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਬੰਧੀ ਆਰਡੀਨੈਂਸ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਹੱਲ ਕਰਵਾਉਣ ਲਈ ਦਿੱਲੀ ‘ਚ ਚੱਲ ਰਹੇ ਦੇਸ਼ ਪੱਧਰੀ ਕਿਸਾਨ ਮੋਰਚੇ ਕੇਂਦਰ ਸਰਕਾਰ ਦਾ ਗਰੂਰ ਤੋੜਨ ਵਿਚ ਕਾਮਯਾਬ ਹੋਏ ਹਨ। ਭਾਰਤ ਬੰਦ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ‘ਚ ਵੀ ਹਰ ਵਰਗ ਦੇ ਲੋਕਾਂ ਨੇ ਭਰਵਾਂ ਸਹਿਯੋਗ ਦਿੱਤਾ ਹੈ, ਜਿਸ ਲਈ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮਾਲਵਾ ‘ਚ ਮੋਗਾ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਫਿਰੋਜ਼ਪੁਰ, ਦੁਆਬਾ ‘ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਮਾਝੇ ‘ਚ ਤਰਨਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ 11 ਤੋਂ 3 ਵਜੇ ਤੱਕ 77 ਥਾਵਾਂ ‘ਤੇ ਸੜਕ ਆਵਾਜਾਈ ਜਾਮ ਕੀਤੀ ਗਈ ਪਰ ਐਮਰਜੰਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਬੰਦ ਵਿਚ ਹਰ ਵਰਗ ਦਾ ਸਹਿਯੋਗ ਮਿਲਿਆ ਹੈ। ਪੰਜਾਬੀਆਂ ਨੇ ਪੂਰਨ ਪੰਜਾਬ ਬੰਦ ਕਰਕੇ ਭਾਰਤ ਬੰਦ ਨੂੰ ਕਾਮਯਾਬ ਕੀਤਾ ਹੈ ਅਤੇ ਦੇਸ਼ ਭਰ ‘ਚ ਬੰਦ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਕੂਮਤ ਦੇ ਜਬਰ ਕਰਨ ਦੇ ਬਾਵਜੂਦ ਵੀ ਉਨ੍ਹਾਂ ਰਾਜਾਂ ‘ਚ ਬੰਦ ਕਾਮਯਾਬ ਹੋਇਆ, ਜਿਥੇ ਭਾਜਪਾ ਦੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜਥੇਬੰਦੀ ਦੇ ਜਸਬੀਰ ਸਿੰਘ ਪਿੱਦੀ ਤੇ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ‘ਚ ਕੁੰਡਲੀ ਬਾਰਡਰ ਦਿੱਲੀ ਵਿਖੇ ਮੋਰਚਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਿਚ ਸੋਧਾਂ ਕਰਕੇ ਸਾਰੀਆਂ ਮੰਗਾਂ ਪੂਰੀਆਂ ਹੋਣ ਦਾ ਦਾਅਵਾ ਕਰ ਸਕਦੀ ਹੈ ਅਤੇ ਅੰਦੋਲਨ ਕਰ ਰਹੀਆਂ ਧਿਰਾਂ ਵਿਰੁੱਧ ਝੂਠਾ ਪ੍ਰਚਾਰ ਵੀ ਕੀਤਾ ਜਾ ਸਕਦਾ ਹੈ ਕਿ ਅਸੀਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਅਜਿਹੇ ਕੂੜ ਪ੍ਰਚਾਰ ਤੋਂ ਬਚਣ ਦੀ ਲੋੜ ਹੈ।
News Credit :jagbani(punjabkesari)