ਭਾਰਤ ਬੰਦ ਦਾ ਅਸਰ, ਕਈ ਥਾਵਾਂ ‘ਤੇ ਰੋਕੀਆਂ ਗਈਆਂ ਰੇਲਾਂ

Image Courtesy :jagbani(punjabkesar)

ਮੁੰਬਈ— ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਮੰਗਲਵਾਰ ਯਾਨੀ ਕਿ ਅੱਜ ਭਾਰਤ ਬੰਦ ਦੇ ਮੱਦੇਨਜ਼ਰ ਇਕ ਕਿਸਾਨ ਜਥੇਬੰਦੀ ਦੇ ਮੈਂਬਰਾਂ ਨੇ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿਚ ਟਰੇਨ ਰੋਕੀ। ‘ਸਵਾਭਿਮਾਨੀ ਸ਼ੇਤਕਾਰੀ ਜਥੇਬੰਦੀ’ ਦੇ ਮੈਂਬਰਾਂ ਨੇ ਬੁਲਢਾਣਾ ਜ਼ਿਲ੍ਹੇ ‘ਚ ਮਲਕਾਪੁਰ ਸਟੇਸ਼ਨ ‘ਤੇ ਚੇਨਈ-ਅਹਿਮਦਾਬਾਦ ਨਵਜੀਵਨ ਐੱਕਸਪ੍ਰੈਸ ਨੂੰ ਰੋਕ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਰੇਲ ਪਟੜੀਆਂ ਤੋਂ ਪ੍ਰਦਸ਼ਨਕਾਰੀਆਂ ਨੂੰ ਹਟਾਉਣ ਮਗਰੋਂ ਜਥੇਬੰਦੀ ਦੇ ਆਗੂ ਰਵੀਕਾਂਤ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲੈ ਲਿਆ। ਨਵੀ ਮੁੰਬਈ, ਨਾਸਿਕ, ਧੁਲੇ, ਪੁਣੇ ਅਤੇ ਸੋਲਾਪੁਰ ਦੀ ਖੇਤੀ ਉਤਪਾਦ ਬਜ਼ਾਰ ਕਮੇਟੀਆਂ ਭਾਰਤ ਬੰਦ ਦੇ ਮੱਦੇਨਜ਼ਰ ਬੰਦ ਰਹੀਆਂ। ਇਸ ਤੋਂ ਇਲਾਵਾ ਓਡੀਸ਼ਾ ‘ਚ ਵੀ ਟਰੇਨਾਂ ਰੋਕੀਆਂ। ਟ੍ਰੇਡ ਯੂਨੀਅਨ ਅਤੇ ਕਿਸਾਨ ਯੂਨੀਅਰ ਭੁਵਨੇਸ਼ਵਰ ਰੇਲਵੇ ਸਟੇਸ਼ਨ ‘ਤੇ ਟਰੇਨਾਂ ਨੂੰ ਰੋਕਿਆ ਗਿਆ।
ਮਹਾਰਾਸ਼ਟਰ ਸੂਬਾ ਸੜਕ ਟਰਾਂਸਪੋਰਟ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੱਸਾਂ ‘ਭਾਰਤ ਬੰਦ’ ਦੌਰਾਨ ਤੈਅ ਸਮਾਂ ਸਾਰਣੀ ਦੇ ਹਿਸਾਬ ਨਾਲ ਚੱਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੰਦ ਦੇ ਚੱਲਦੇ ਕਾਨੂੰਨ ਵਿਵਸਥਾ ਦੀ ਸਮੱਸਿਆ ਖੜ੍ਹੀ ਨਹੀਂ ਹੋਵੇਗੀ ਤਾਂ ਬੱਸਾਂ ਦਾ ਸੰਚਾਲਨ ਜਾਰੀ ਰਹੇਗਾ। ਟੈਕਸੀ ਯੂਨੀਅਨ ਦੇ ਆਗੂ ਨੇ ਕਿਹਾ ਕਿ ਟੈਕਸੀਆਂ ਮਹਾਨਗਰ ਵਿਚ ਚੱਲ ਰਹੀਆਂ ਹਨ, ਕਿਉਂਕਿ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਅਤੇ ਤਾਲਾਬੰਦੀ ਪਹਿਲਾਂ ਹੀ ਇਸ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਚੁੱਕੇ ਹਨ। ਦੱਸ ਦੇਈਏ ਕਿ ਮਹਾਰਾਸ਼ਟਰ ‘ਚ ਸ਼ਿਵਸੈਨਾ, ਰਾਕਾਂਪਾ ਅਤੇ ਕਾਂਗਰਸ ਬੰਦ ਨੂੰ ਸਮਰਥਨ ਦੇ ਰਹੇ ਹਨ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਬੁਲਾਏ ਗਏ ਭਾਰਤ ਬੰਦ ਦਾ ਅਸਰ ਦਿੱਸਣ ਲੱਗਾ ਹੈ। ਮੰਗਲਵਾਰ ਸਵੇਰੇ ਤੋਂ ਹੀ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਕਈ ਜਥੇਬੰਦੀਆਂ ਸੜਕਾਂ ‘ਤੇ ਉਤਰੀਆਂ ਹਨ ਅਤੇ ਪ੍ਰਦਰਸ਼ਨ ਕਰ ਰਹੀਆਂ ਹਨ। ਯੂ. ਪੀ, ਮਹਾਰਾਸ਼ਟਰ, ਓਡੀਸ਼ਾ ਸਮੇਤ ਹੋਰ ਸੂਬਿਆਂ ਵਿਚ ਟਰੇਨਾਂ ਰੋਕੀਆਂ ਗਈਆਂ ਹਨ। ਹਾਲਾਂਕਿ ਕਿਸਾਨ ਸੰਗਠਨਾਂ ਨੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਕਾ ਜਾਮ ਦੀ ਗੱਲ ਆਖੀ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ।\
News Credit :jagbani(punjabkesar)