ਕੇਂਦਰ ਸਰਕਾਰ ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਆਮ ਲੋਕਾਂ ਦੇ ਰੋਸ ਨੂੰ ਸਮਝੇ : ਵਿਧਾਇਕ ਚੰਦੂਮਾਜਰਾ

Image Courtesy :jagbani(punjabkesar)

ਪਟਿਆਲਾ : ਕਿਸਾਨਾ ਦੇ ਬੰਦ ਦੇ ਸਮਰਥਨ ‘ਚ ਅੱਜ ਹਲਕਾ ਸਨੌਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਸੜਕਾਂ ’ਤੇ ਉਤਰੇ ਅਤੇ ਉਨ੍ਹਾਂ ਨੇ ਕਿਸਾਨਾ ਦੇ ਬੰਦ ਦਾ ਖੁੱਲ੍ਹ ਕੇ ਸਮਰਥਨ ਕੀਤਾ ਅਤੇ ਆਪਣੇ ਸਮਰਥਕਾਂ ਸਮੇਤ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨਾ ‘ਚ ਹਿੱਸਾ ਲਿਆ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕੇਂਦਰ ਸਰਕਾਰ ਨੂੰ ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਆਮ ਲੋਕਾਂ ਦੇ ਰੋਸ ਨੂੰ ਸਮਝਣਾ ਚਾਹੀਦਾ ਹੈ ਤੇ ਤੁਰੰਤ ਖੇਤੀ ਸੁਧਾਰ ਕਾਨੂੰਨ ਨੂੰ ਰੱਦ ਕਰਨਾ ਚਾਹੀਦਾ ਹੈ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਬੰਦ ਦੇ ਸੱਦੇ ਨੂੰ ਵੱਡਾ ਹੁੰਗਾਰਾ ਮਿਲਿਆ ਹੈ, ਜਿਸ ਤੋਂ ਕੇਂਦਰ ਸਰਕਾਰ ਨੂੰ ਸਮਝਣ ਦੀ ਲੋੜ ਹੈ ਕਿ ਸਿਰਫ ਸਿੰਘੂ ਬਾਰਡਰ ’ਤੇ ਬੈਠੇ ਕਿਸਾਨਾ ਨੂੰ ਨਾ ਦੇਖਿਆ ਜਾਵੇ, ਸਗੋਂ ਇਸ ਕਿਸਾਨ ਅੰਦੋਲਨ ਨੂੰ ਹਰ ਵਰਗ ਦਾ ਸਮਰਥਨ ਹੈ। ਕਿਉਂਕਿ ਇਹ ਅੰਦੋਲਨ ਕਿਸਾਨਾ ਨਾਲ ਜੁੜਿਆ ਹੈ, ਸਾਰੇ ਲੋਕਾਂ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਤੀ ਦਾ ਭਵਿੱਖ ਸੁਰੱਖਿਅਤ ਨਹੀਂ ਹੋਵੇ ਅਤੇ ਕਿਸਾਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰੇਗਾ ਤਾਂ ਦੇਸ਼ ‘ਚ ਭੁੱਖਮਰੀ ਦਾ ਖ਼ਤਰਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾ ਦੀਆਂ ਮੰਗਾਂ ਨੂੰ ਲਟਕਾਉਣਾ ਨਹੀਂ ਚਾਹੀਦਾ ਹੈ ਅਤੇ 9 ਦਸੰਬਰ ਦੀ ਮੀਟਿੰਗ ‘ਚ ਕਿਸਾਨਾਂ ਦੇ ਹੱਕ ‘ਚ ਫ਼ੈਸਲਾ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸਰਕਲ ਪ੍ਰਧਾਲ ਕੁਲਦੀਪ ਹਰਪਾਲਪੁਰ, ਯੂਥ ਆਗੂ ਸੰਦੀਪ ਸਿੰਘ ਰਾਜਾ ਤੁਡ਼ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
News Credit :jagbani(punjabkesar)