6ਵੇਂ ਦੌਰ ਦੀ ਗੱਲਬਾਤ ਵੀ ਰਹੀ ਫੇਲ੍ਹ ਤਾਂ ਦਿੱਲੀ ‘ਤੇ ਪਵੇਗਾ ਵੱਡਾ ਅਸਰ

ਨਵੀਂ ਦਿੱਲੀ— ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। 26 ਨਵੰਬਰ ਤੋਂ ਸ਼ੁਰੂ ਹੋਇਆ ਕਿਸਾਨਾਂ ਦਾ ਪ੍ਰਦਰਸ਼ਨ ਅੱਜ 11ਵੇਂ ਦਿਨ ‘ਚ ਪਹੁੰਚ ਗਿਆ ਹੈ। ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਰਕਾਰ ‘ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਤੋਂ ਠੀਕ ਬਾਅਦ ਯਾਨੀ ਕਿ 9 ਦਸੰਬਰ ਨੂੰ 6ਵੇਂ ਦੌਰ ਦੀ ਗੱਲਬਾਤ ਲਈ ਕਿਸਾਨ ਅਤੇ ਕੇਂਦਰ ਵਿਚਾਲੇ ਬੈਠਕ ਹੋਵੇਗੀ। ਦੱਸ ਦੇਈਏ ਕਿ ਕੱਲ੍ਹ 5ਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ। ਕਿਸਾਨ ਅਤੇ ਕੇਂਦਰ ਵਿਚਾਲੇ ਕੋਈ ਗੱਲ ਨਹੀਂ ਬਣ ਸਕੀ। ਕਿਸਾਨ ਜਥੇਬੰਦੀਆਂ ਦੇ ਆਗੂ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ‘ਤੇ ਅੜੇ ਰਹੇ।
ਦਿੱਲੀ ‘ਤੇ ਪਵੇਗਾ ਵੱਡਾ ਅਸਰ—
ਜੇਕਰ 9 ਦਸੰਬਰ ਨੂੰ ਵੀ ਕਿਸਾਨ ਅਤੇ ਕੇਂਦਰ ਵਿਚਾਲੇ ਗੱਲਬਾਤ ਫੇਲ੍ਹ ਰਹਿੰਦੀ ਹੈ ਤਾਂ ਕਿਸਾਨਾਂ ਨੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਘੇਰਾਬੰਦੀ ਕਰਨ ਦਾ ਮਨ ਬਣਾ ਲਿਆ ਹੈ। ਦਿੱਲੀ ਨੂੰ ਵੱਡੇ ਸੰਕਟ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਸਾਨਾਂ ਵਲੋਂ ਦਿੱਲੀ ਨੂੰ ਦੇਸ਼ ਨਾਲ ਜੋੜਨ ਵਾਲੀਆਂ ਸਾਰੀਆਂ ਸਰਹੱਦਾਂ ਦੀ ਨਾਕੇਬੰਦੀ ਕੀਤੀ ਜਾਵੇਗੀ। ਦੱਸ ਦੇਈਏ ਕਿ ਦਿੱਲੀ ਦੀ ਵੱਡੀ ਆਬਾਦੀ ਨੂੰ ਰੋਜ਼ਾਨਾ ਦੁੱਧ, ਸਬਜ਼ੀਆਂ, ਫ਼ਲ ਅਤੇ ਹੋਰ ਸਮਾਨਾਂ ਦੀ ਸਪਲਾਈ ਯੂ. ਪੀ, ਹਰਿਆਣਾ ਅਤੇ ਪੰਜਾਬ ਵਰਗੇ ਸੂਬਿਆਂ ਤੋਂ ਹੁੰਦੀ ਹੈ। ਜੇਕਰ ਕਿਸਾਨ ਦਿੱਲੀ ਦੇ ਸਾਰੇ ਐਂਟਰੀ ਪੁਆਇੰਟ ਬੰਦ ਕਰਨ ‘ਚ ਸਫ਼ਲ ਰਹੇ ਤਾਂ ਦਿੱਲੀ ‘ਚ ਭਾਰੀ ਮੁਸ਼ਕਲ ਪੈਦਾ ਹੋ ਸਕਦੀ ਹੈ। ਗਾਜ਼ੀਪੁਰ ਬਾਰਡਰ ਅਤੇ ਦਿੱਲੀ-ਨੋਇਡਾ ਬਾਰਡਰ ਨੂੰ ਬੰਦ ਕਰ ਦਿੱਤਾ ਜਾਵੇਗਾ।
ਇਨ੍ਹਾਂ ਸਰਹੱਦਾਂ ‘ਤੇ ਡਟੇ ਕਿਸਾਨ—
ਕਿਸਾਨ ਪਹਿਲਾਂ ਹੀ ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਸਰਹੱਦਾਂ ‘ਤੇ ਡੇਰੇ ਲਾ ਕੇ ਸੜਕਾਂ ‘ਤੇ ਬੈਠੇ ਹੋਏ ਹਨ। ਉਨ੍ਹਾਂ ਕੋਲ ਪੂਰਾ ਰਾਸ਼ਨ ਹੈ, ਖਾਣ-ਪੀਣ ਦਾ ਇੰਤਜ਼ਾਮ ਹੈ। ਬਸ ਇੰਨਾ ਹੀ ਨਹੀਂ ਕਿਸਾਨਾਂ ਦੇ ਸਮਰਥਨ ‘ਚ ਵੀ ਕਈ ਲੋਕ ਆ ਗਏ ਹਨ, ਜੋ ਕਿ ਉਨ੍ਹਾਂ ਦੀ ਮਦਦ ਕਰ ਰਹੇ ਹਨ। \
10 ਦਸੰਬਰ ਨੂੰ ਤੇਜ਼ ਹੋ ਸਕਦੈ ਕਿਸਾਨ ਅੰਦੋਲਨ—
ਜੇਕਰ 9 ਦਸੰਬਰ ਨੂੰ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਫੇਲ੍ਹ ਰਹਿੰਦੀ ਹੈ ਤਾਂ ਦਿੱਲੀ ਨੂੰ ਵੱਡੇ ਸੰਕਟ ਲਈ ਤਿਆਰ ਰਹਿਣਾ ਚਾਹੀਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨ 10 ਦਸੰਬਰ ਨੂੰ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ। ਦਿੱਲੀ ਨੂੰ ਦੇਸ਼ ਨਾਲ ਜੋੜਨ ਵਾਲੀਆਂ ਸਾਰੀਆਂ ਸਰਹੱਦਾਂ ਦੀ ਨਾਕੇਬੰਦੀ ਕੀਤੀ ਜਾਵੇਗੀ।
News Credit :jagbani(punjabkesari)