
ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ ਅਤੇ ਉਨ੍ਹਾਂ ਨੂੰ ਹੋਰ ਸੂਬਿਆਂ ਤੋਂ ਵੀ ਕਿਸਾਨਾਂ ਦਾ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਅੰਦੋਲਨ ਅੱਜ 11ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਦਿੱਲੀ-ਹਰਿਆਣਾ ‘ਤੇ ਸਥਿਤ ਸਿੰਘੂ ਸਰਹੱਦ ‘ਤੇ ਹਜ਼ਾਰਾਂ ਕਿਸਾਨਾਂ ਦੀ ਭੀੜ ਪਿਛਲੇ 10 ਦਿਨਾਂ ਤੋਂ ਦਿਨ-ਰਾਤ ਡਟੀ ਹੈ। ਕਿਸਾਨ ਦੀ ਲੜਾਈ ਹੁਣ ਕਿਸਾਨਾਂ ਤੱਕ ਹੀ ਸੀਮਤ ਨਹੀਂ ਰਹਿ ਗਈ, ਉਨ੍ਹਾਂ ਨਾਲ ਕਲਾਕਾਰ, ਖਿਡਾਰੀ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ।
ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਕਿਸਾਨ ਦੇ ਸਮਰਥਨ ਵਿਚ ਵਿਜੇਂਦਰ ਸਿੰਘ ਸਿੰਘੂ ਸਰਹੱਦ ਪੁੱਜੇ ਹਨ। ਇੱਥੇ ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਕਿਸਾਨ ਦੀ ਮੰਗ ਸਰਕਾਰ ਨਹੀਂ ਮੰਨਦੀ ਅਤੇ ਖੇਤੀ ਨਾਲ ਜੁੜੇ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਉਹ ਆਪਣਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵਾਪਸ ਕਰ ਦੇਣਗੇ। ਦੱਸ ਦੇਈਏ ਕਿ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੇਸ਼ ਦਾ ਸਰਵਉੱਚ ਖੇਡ ਐਵਾਰਡ ਹੈ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਈ ਵੱਡੀਆਂ ਨਾਮਵਰ ਸ਼ਖਸੀਅਤਾਂ ਨੇ ਸਰਕਾਰ ਵਲੋਂ ਸਨਮਾਨਤ ਆਪਣੇ ਤਮਗੇ, ਐਵਾਰਡ ਨੂੰ ਵਾਪਸ ਕਰਨ ਦਾ ਫ਼ੈਸਲਾ ਲਿਆ ਹੈ।
ਕਿਸਾਨਾਂ ਅਤੇ ਸਰਕਾਰ ਵਿਚਾਲੇ 5ਵੇਂ ਦੌਰੇ ਦੀ ਗੱਲਬਾਤ ਹੋ ਚੁੱਕੀ ਹੈ ਪਰ ਗਤੀਰੋਧ ਅਜੇ ਵੀ ਜਾਰੀ ਹੈ। ਕੱਲ੍ਹ ਦੀ ਬੈਠਕ ਵੀ ਬੇਸਿੱਟਾ ਰਹੀ। ਹੁਣ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹੁਣ ਸਭ ਦੀਆਂ ਨਜ਼ਰਾਂ 9 ਦਸੰਬਰ ਨੂੰ ਸਰਕਾਰ ਨਾਲ ਹੋਣ ਵਾਲੀ ਕਿਸਾਨਾਂ ਦੀ ਬੈਠਕ ‘ਤੇ ਟਿਕੀਆਂ ਹਨ।
News Credit :jagbani(punjabkesari)