ਦਿਲਜੀਤ ਖਿਲਾਫ ਮੰਦੇ ਬੋਲ ਸਿੱਧੂ ਮੂਸੇ ਵਾਲਾ ਕੋਲੋਂ ਨਹੀਂ ਹੋਏ ਬਰਦਾਸ਼ਤ, ਹੋਇਆ ਇਸ ਅਦਾਕਾਰਾ ’ਤੇ ਗਰਮ

Image Courtesy :jagbani(punjabkesari)

ਜਲੰਧਰ – ਪੰਜਾਬੀ ਗਾਇਕ ਤੇ ਅਦਾਕਾਰਾ ਦਿਲਜੀਤ ਦੋਸਾਂਝ ਨਾਲ ਵਿਵਾਦਾਂ ’ਚ ਰਹੀ ਕੰਗਨਾ ਰਣੌਤ ਤੋਂ ਬਾਅਦ ਹੁਣ ਇਕ ਹੋਰ ਬਾਲੀਵੁੱਡ ਅਦਾਕਾਰਾ ਦਿਲਜੀਤ ਤੇ ਪੰਜਾਬੀਆਂ ਨੂੰ ਮੰਦੇ ਬੋਲ ਆਖ ਰਹੀ ਹੈ। ਇਸ ਅਦਾਕਾਰਾ ਦਾ ਨਾਂ ਹੈ ਪਾਇਲ ਰੋਹਤਗੀ, ਜੋ ਸੋਸ਼ਲ ਮੀਡੀਆ ’ਤੇ ਅਕਸਰ ਕਿਸੇ ਨਾ ਕਿਸੇ ਕਲਾਕਾਰ ਨਾਲ ਵਿਵਾਦਾਂ ’ਚ ਰਹਿੰਦੀ ਹੈ। ਪਾਇਲ ਆਪਣੀਆਂ ਵੀਡੀਓਜ਼ ਰਾਹੀਂ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਨੂੰ ਖੜ੍ਹਾ ਕਰ ਦਿੰਦੀ ਹੈ ਤੇ ਹਾਲ ਹੀ ’ਚ ਉਸ ਨੇ ਦਿਲਜੀਤ ਦੋਸਾਂਝ ਤੇ ਹੋਰਨਾਂ ਪੰਜਾਬੀ ਕਲਾਕਾਰਾਂ ਨੂੰ ਅੱਤਵਾਦੀ ਤੇ ਖਾਲਿਸਤਾਨੀ ਕਹਿ ਕੇ ਸੰਬੋਧਨ ਕੀਤਾ ਹੈ।
ਪਾਇਲ ਦੀ ਇਹ ਵੀਡੀਓ ਜਦੋਂ ਸਿੱਧੂ ਮੂਸੇ ਵਾਲਾ ਨੇ ਦੇਖੀ ਤਾਂ ਉਸ ਨੇ ਲਾਈਵ ਹੋ ਕੇ ਪਾਇਲ ’ਤੇ ਆਪਣੀ ਖਿੱਝ ਕੱਢੀ ਤੇ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਸਿੱਧੂ ਮੂਸੇ ਵਾਲਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਬਾਲੀਵੁੱਡ ’ਚ ਕੋਈ ਪੁੱਛਦਾ ਨਹੀਂ, ਉਹ ਆਪਣੇ ਆਪ ਨੂੰ ਬਾਲੀਵੁੱਡ ਦਾ ਚਿਹਰਾ ਦੱਸਦੇ ਹਨ। ਸਿੱਧੂ ਨੇ ਕਿਹਾ ਕਿ ਜੇ ਉਸ ਨੂੰ ਲੱਗਦਾ ਹੈ ਕਿ ਖੇਤੀ ਕਰਨੀ ਇੰਨੀ ਸੌਖੀ ਹੈ ਤਾਂ ਇਕ ਵਾਰ ਜ਼ਮੀਨੀ ਪੱਧਰ ’ਤੇ ਆ ਕੇ ਦੱਸੇ ਕਿ ਕਣਕ ਕਿਵੇਂ ਬੀਜਦੇ ਹਨ।
ਸਿੱਧੂ ਨੇ ਅੱਗੇ ਕਿਹਾ ਕਿ ਕਹੀ ਚੁੱਕਣ ਵਾਲਿਆਂ ਨੂੰ ਅੱਤਵਾਦੀ ਤੇ ਖਾਲਿਸਤਾਨੀ ਕਹਿ ਕੇ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਰਾਹ ਨਾ ਪਾਓ। ਜੇ ਤੁਸੀਂ ਕਿਸਾਨਾਂ ਤੇ ਖੇਤੀਬਾੜੀ ਕਰ ਰਹੇ ਲੋਕਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਉਨ੍ਹਾਂ ਦੇ ਖਿਲਾਫ ਵੀ ਨਾ ਬੋਲੋ।
ਬਾਲੀਵੁੱਡ ਫ਼ਿਲਮਾਂ ਬਾਰੇ ਸਿੱਧੂ ਨੇ ਕਿਹਾ ਕਿ ਉਹ ਗੀਤਾਂ ਰਾਹੀਂ ਜਿੰਨੇ ਜੋਗੇ ਹਨ, ਉਹ ਸਾਰਿਆਂ ਨੂੰ ਪਤਾ ਹੈ ਤੇ ਉਨ੍ਹਾਂ ਨੂੰ ਬਾਲੀਵੁੱਡ ਫ਼ਿਲਮਾਂ ਦੀ ਲੋੜ ਨਹੀਂ ਹੈ। ਬਾਲੀਵੁੱਡ ਤੁਹਾਨੂੰ ਮੁਬਾਰਕ ਉਹ ਆਪਣੇ ਗੀਤਾਂ ਰਾਹੀਂ ਰੋਜ਼ੀ-ਰੋਟੀ ਕਮਾਈ ਜਾਂਦੇ ਹਨ।
ਦੱਸਣਯੋਗ ਹੈ ਕਿ ਪਾਇਲ ਰੋਹਤਗੀ ਲਗਾਤਾਰ ਦਿਲਜੀਤ ਦੋਸਾਂਝ ਖਿਲਾਫ ਆਪਣੇ ਇੰਸਟਾਗ੍ਰਾਮ ਅਕਾਊਂਟਸ ’ਤੇ ਵੀਡੀਓਜ਼ ਅਪਲੋਡ ਕਰ ਰਹੀ ਹੈ। ਦਿਲਜੀਤ ਖਿਲਾਫ ਮੰਦੇ ਬੋਲ ਸਿੱਧੂ ਮੂਸੇ ਵਾਲਾ ਬਰਦਾਸ਼ਤ ਨਹੀਂ ਕਰ ਸਕੇ ਤੇ ਉਨ੍ਹਾਂ ਨੇ ਲਾਈਵ ਹੋ ਕੇ ਪਾਇਲ ਰੋਹਤਗੀ ਦੀ ਕਲਾਸ ਲਗਾ ਦਿੱਤੀ।
News Credit :jagbani(punjabkesari)