ਹੁਣ ਰੁਪਿੰਦਰ ਹਾਂਡਾ ਵੀ ਕਿਸਾਨਾਂ ਦੇ ਮਾਰਚ ‘ਚ ਪੁੱਜੀ

Image Courtesy :jagbani(punjabkesari)

ਜਲੰਧਰ : ਕਿਸਾਨ ਅੰਦੋਲਨ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਵੀ ਆਪੋ-ਆਪਣਾ ਸਮਰਥਨ ਦੇ ਰਹੇ ਹਨ । ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਬੱਬੂ ਮਾਨ, ਅੰਮ੍ਰਿਤ ਮਾਨ, ਰਣਜੀਤ ਬਾਵਾ, ਕੰਵਰ ਗਰੇਵਾਲ, ਹਰਫ ਚੀਮਾ ਵਰਗੇ ਅਨੇਕਾਂ ਕਲਾਕਾਰ ਦਿੱਲੀ ਪਹੁੰਚ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਦਿੱਲੀ ‘ਚ ਖ਼ੇਤੀ ਬਿੱਲਾਂ ਖ਼ਿਲਾਫ਼ ਰੋਸ ਮਾਰਚ ਚੱਲ ਰਿਹਾ ਹੈ। ਗਾਇਕਾ ਰੁਪਿੰਦਰ ਹਾਂਡਾ ਵੀ ਕਿਸਾਨਾਂ ਦੇ ਇਸ ਅੰਦੋਲਨ ‘ਚ ਸ਼ਾਮਲ ਹੋਈ ਹੈ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨੇ ‘ਚ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੇ ਇਸ ਦਾ ਇਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੁਪਿੰਦਰ ਹਾਂਡਾ ਟਰੈਕਟਰ ‘ਤੇ ਚੜ੍ਹ ਕੇ ਮਾਰਚ ‘ਚ ਸ਼ਾਮਲ ਹੋਣ ਲਈ ਪਹੁੰਚੀ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮ ਅਦਾਕਾਰ ਬਿੰਨੂ ਢਿੱਲੋਂ ਵੀ ਕਿਸਾਨਾਂ ਦੇ ਸਮਰਥਨ ‘ਚ ਲਗਾਤਾਰ ਪੋਸਟਾਂ ਪਾ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਕਿਸਾਨ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਇਕ ਅੰਨ ਦਾਤਾ ਹੱਥ ‘ਚ ਰੋਟੀ ਲਈ ਉਸ ਨੂੰ ਮੱਥਾ ਟੇਕਦਾ ਹੋਇਆ ਉਸ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪ੍ਰਮਾਤਮਾ ਤਿੰਨ ਵਕਤ ਦੀ ਰੋਟੀ ਸਭ ਨੂੰ ਦੇਵੀਂ ਪਰ ਜਿਸ ਅਨਾਜ ਤੋਂ ਰੋਟੀ ਬਣਦੀ ਹੈ ਉਹ ਅਨਾਜ ਪੈਦਾ ਕਰਨ ਵਾਲੇ ਬਾਬੇ ਨਾਨਕ ਦੇ ਵਾਰਸਾਂ ਦੇ ਸਿਰ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖੀਂ ਵਾਹਿਗੁਰੂ।’
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ‘ਚ ਬੱਝੇ ਗਾਇਕ ਤੇ ਅਦਾਕਾਰ ਜੱਸ ਬਾਜਵਾ ਵੀ ਅੱਜ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋ ਜਾਣਗੇ। ਇਸ ਗੱਲ ਦੀ ਜਾਣਕਾਰੀ ਖ਼ੁਦ ਜੱਸ ਬਾਜਵਾ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਟੋਰੀ ਸਾਂਝੀ ਕਰਕੇ ਦਿੱਤੀ ਹੈ। ਇਸ ਸਟੋਰੀ ‘ਚ ਲਿਖਿਆ ਗਿਆ ਹੈ, ‘ਅੱਜ ਸ਼ਾਮ ਨੂੰ ਦਿੱਲੀ ਨੂੰ ਰਵਾਨਾ ਹੋਣਾ ਅਸੀਂ। ਆਲੇ-ਦੁਆਲੇ ਦੇ ਪਿੰਡਾਂ ‘ਚੋਂ ਸੰਗਤ ਦਾ ਕਾਫ਼ਲਾ ਲੈ ਕੇ ਜੇ ਕੋਈ ਵੀਰ-ਭਰਾ ਜਾਣਾ ਚਾਹੁੰਦਾ ਤਾਂ ਉਹ ਸਾਡੇ ਨੰਬਰ ‘ਤੇ ਜਾਣਕਾਰੀ ਲਈ ਫੋਨ ਕਰ ਸਕਦਾ ਹੈ। ਅਸੀਂ ਆਪਣਾ ਜੱਥਾ ਸ਼ੰਭੂ ਬਾਰਡਰ ਤੋਂ ਲੈ ਕੇ ਜਾਵਾਂਗੇ ਜੀ। ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ।’ ਦੱਸ ਦਈਏ ਕਿ ਇਸ ਪੋਸਟ ਨਾਲ ਉਨ੍ਹਾਂ ਨੇ ਆਪਣਾ ਫੋਨ ਨੰਬਰ ਵੀ ਸਂਝਾ ਕੀਤਾ ਹੈ।
News Credit :jagbani(punjabkesari)