ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨ, ਕੱਲ ਮੁੜ ਹੋਵੇਗੀ ਕੇਂਦਰ ਨਾਲ ਗੱਲਬਾਤ

Image Courtesy :jagbani(punjabkesari)

ਨਵੀਂ ਦਿੱਲੀ— ਕੇਂਦਰ ਦੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਡਟੇ ਹਨ। ਪਿਛਲੇ ਕਰੀਬ ਇਕ ਹਫ਼ਤੇ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਵੱਡੀ ਗਿਣਤੀ ਵਿਚ ਕਿਸਾਨ ਡਟੇ ਹੋਏ ਹਨ। ਕਿਸਾਨ ਅੰਦੋਲਨ ਦਾ ਅੱਜ 7ਵਾਂ ਦਿਨ ਹੈ। ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਬੀਤੇ ਦਿਨੀਂ ਜੋ ਗੱਲਬਾਤ ਹੋਈ, ਉਸ ‘ਚ ਕੋਈ ਠੋਸ ਨਤੀਜਾ ਨਹੀਂ ਨਿਕਲ ਸਕਿਆ। ਇਸ ਵਜ੍ਹਾਂ ਤੋਂ ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਦੱਸ ਦੇਈਏ ਕਿ ਕੇਂਦਰ ਨਾਲ ਕੱਲ ਹੋਈ ਬੈਠਕ ‘ਚ ਕਿਸਾਨ ਜਥੇਬੰਦੀਆਂ ਦੇ 35 ਆਗੂਆਂ ਨੇ ਹਿੱਸਾ ਲਿਆ ਸੀ।
ਦਰਅਸਲ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਮੁੱਦਿਆਂ ‘ਤੇ ਸਲਾਹ-ਮਸ਼ਵਰੇ ਲਈ ਕੇਂਦਰ ਨੇ ਇਕ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤਾ। ਦੋਵੇਂ ਪੱਖ ਵੀਰਵਾਰ ਯਾਨੀ ਕਿ 3 ਦਸੰਬਰ ਨੂੰ ਮੁੜ ਬੈਠਕ ਕਰਨਗੇ। ਸਰਕਾਰ ਵਲੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਖਾਰਜ ਕਰ ਦਿੱਤਾ ਗਿਆ। ਇਸ ਲਈ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਦੇਸ਼ ਭਰ ‘ਚ ਅੰਦੋਲਨ ਤੇਜ਼ ਕੀਤਾ ਜਾਵੇਗਾ।
ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਣ ਤੱਕ ਅੰਦੋਲਨ ਤੋਂ ਪਿਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਸਮੇਤ ਹੋਰ ਥਾਵਾਂ ‘ਤੇ ਜਿੱਥੇ ਕਿਸਾਨ ਡਟੇ ਹਨ, ਉਥੇ ਅੰਦੋਲਨ ਜਾਰੀ ਰਹੇਗਾ। ਇੰਨਾ ਹੀ ਨਹੀਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਵੱਡੀ ਗਿਣਤੀ ‘ਚ ਦਿੱਲੀ ਕੂਚ ਦੀ ਗੱਲ ਆਖੀ ਹੈ।
News Credit :jagbani(punjabkesari)