SGPC ਦੀ ਪ੍ਰਧਾਨ ਬਣਨ ਤੋਂ ਬਾਅਦ ਬੀਬੀ ਜਗੀਰ ਕੌਰ ਪਹਿਲੀ ਵਾਰ ਗੁ. ਸ੍ਰੀ ਬੇਰ ਸਾਹਿਬ ਹੋਏ ਨਤਮਸਤਕ

Image Courtesy :jagbani(punjabkesari)

ਸੁਲਤਾਨਪੁਰ ਲੋਧੀ — ਸਿੱਖਾਂ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੀਜੀ ਵਾਰ ਪ੍ਰਧਾਨ ਚੁਣੀ ਗਈ ਬੀਬੀ ਜਗੀਰ ਕੌਰ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਨਤਮਸਤਕ ਹੋਈ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।
ਇਸ ਸਮੇਂ ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਕਲਿਆਣ ਲਈ ਚਾਰ ਉਦਾਸੀਆਂ ਕੀਤੀਆਂ ਅਤੇ ਤਪਦੇ ਸੜਦੇ ਸੰਸਾਰ ਨੂੰ ਨਾਮ-ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ। ਇਸ ਸਮੇਂ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਵਾਲ , ਮੈਂਬਰ ਬੀਬੀ ਗੁਰਪ੍ਰੀਤ ਕੌਰ, ਮੈਂਬਰ ਸਰਵਣ ਸਿੰਘ ਕੁਲਾਰ, ਮੁੱਖ ਸਕੱਤਰ ਮਹਿੰਦਰ ਸਿੰਘ ਆਹਲੀ, ਇੰਜੀਨੀਅਰ ਸਵਰਨ ਸਿੰਘ ਅਤੇ ਮੈਨੇਜਰ ਜਰਨੈਲ ਸਿੰਘ ਬੂਲੇ, ਹੈਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਨੇ ਸਨਮਾਨ ਕੀਤਾ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਵਿੱਤਰ ਮੂਲ ਮੰਤਰ ਅਸਥਾਨ ਇਤਿਹਾਸਕ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਬੀਤੇ ਦਿਨ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ-ਪਿਆਰੇ ਸਾਹਿਬਾਨ ਦੀ ਅਗਵਾਈ ‘ਚ ਸਜਾਏ ਗਏ ਇਸ ਮਹਾਨ ਨਗਰ ਕੀਰਤਨ ਦੌਰਾਨ ਵਿਸ਼ੇਸ਼ ਹਵਾਈ ਜਹਾਜ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ ਸੀ।
ਲਾਈਟਾਂ ਨਾਲ ਸਜਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖ਼ੁਸ਼ੀ ਆਰੰਭ ਜੋੜ ਮੇਲੇ ‘ਚ ਹਰ ਪਾਸੇ ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੋ ਰਹੀ ਹੈ। ਸ਼ਨੀਵਾਰ ਰਾਤ ਢਾਈ ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ‘ਚ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਏ, ਜਿਨ੍ਹਾਂ ਦਾ ਭੋਗ 30 ਨਵੰਬਰ ਯਾਨੀ ਕਿ ਅੱਜ ਦੀ ਰਾਤ ਨੂੰ ਪਾਏ ਜਾਣਗੇ। ਪੰਜਾਬ ਸਰਕਾਰ ਦਾ ਖੇਡ ਸਟੇਡੀਅਮ ਅਤੇ ਐੱਸ. ਜੀ. ਪੀ. ਸੀ. ਦਾ ਭਾਈ ਮਰਦਾਨਾ ਦੀਵਾਨ ਹਾਲ ‘ਚ ਪ੍ਰੋਗਰਾਮ ਕਰਵਾਏ ਗਏ।
News Credit :jagbani(punjabkesari)