ਦਿੱਲੀ ਮੋਰਚੇ ‘ਚ ਸੰਘਰਸ਼ ਕਰਦਿਆਂ ਸਮਰਾਲਾ ਦੇ ਕਿਸਾਨ ਦੀ ਮੌਤ

Image Courtesy :jagbani(punjabkesari)

ਸਮਰਾਲਾ — ਖੇਤੀਬਾੜੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ‘ਚ ਸ਼ਾਮਲ ਸਮਰਾਲਾ ਨੇੜਲੇ ਪਿੰਡ ਖੱਟਰਾਂ ਦੇ ਇਕ 55 ਸਾਲਾ ਕਿਸਾਨ ਗੱਜਣ ਸਿੰਘ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦਾ ਸਰਗਰਮ ਮੈਂਬਰ ਇਹ ਕਿਸਾਨ ਬੀਤੇ 24 ਨਵੰਬਰ ਨੂੰ ਹੀ ਘੁਲਾਲ ਟੋਲ ਪਲਾਜ਼ਾ ਤੋਂ ਗਏ ਕਿਸਾਨਾਂ ਦੇ ਪਹਿਲੇ ਜਥੇ ‘ਚ ਸ਼ਾਮਲ ਹੁੰਦੇ ਹੋਏ ਦਿੱਲੀ ਵਿਖੇ ਪਹੁੰਚਿਆ ਸੀ।
ਕੜਾਕੇ ਦੀ ਠੰਡ ‘ਚ ਵੀ ਆਪਣੇ ਬਾਕੀ ਸਾਥੀਆਂ ਨਾਲ ਟਿਕਰੀ ਬਾਰਡਰ ‘ਤੇ ਡਟੇ ਹੋਏ ਇਸ ਕਿਸਾਨ ਗੱਜਣ ਸਿੰਘ ਦੀ ਸ਼ਨੀਵਾਰ ਦੇਰ ਰਾਤ ਹਾਲਤ ਵਿਗੜ ਗਈ। ਉਥੇ ਮੌਜੂਦ ਬੀ. ਕੇ. ਯੂ. ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਹਿਲਾ ਤਾਂ ਆਪਣੇ ਇਸ ਸਾਥੀ ਨੂੰ ਨੇੜੇ ਦੇ ਇਕ ਪ੍ਰਾਈਵੇਟ ਹਸਪਤਾਲ ਲੈ ਗਏ ਪਰ ਹਾਲਤ ਜ਼ਿਆਦਾ ਗੰਭੀਰ ਹੋਣ ‘ਤੇ ਉਸ ਨੂੰ ਵੱਡੇ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਅੱਜ ਤੜਕੇ ਗੱਜਣ ਸਿੰਘ ਦੀ ਮੌਤ ਹੋ ਗਈ ਹੈ।
ਕਿਸਾਨ ਆਗੂ ਸ. ਖੀਰਨੀਆਂ ਨੇ ਕਿਹਾ ਕਿ ਸੰਘਰਸ਼ ਦੌਰਾਨ ਸ਼ਹੀਦ ਹੋਏ ਆਪਣੇ ਇਸ ਸਾਥੀ ਕਿਸਾਨ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦੇ ਪ੍ਰਬੰਧ ਯੂਨੀਅਨ ਵੱਲੋਂ ਕੀਤੇ ਗਏ ਹਨ ਅਤੇ ਦੇਰ ਸ਼ਾਮ ਤੱਕ ਉਸ ਦੀ ਮ੍ਰਿਤਕ ਦੇਹ ਪਿੰਡ ਖੱਟਰਾਂ ਵਿਖੇ ਪਹੁੰਚੇਗੀ।
News Credit :jagbani(punjabkesari)