ਛੱਤੀਸਗੜ੍ਹ ‘ਚ ਬਰੂਦੀ ਸੁਰੰਗ ‘ਚ ਧਮਾਕਾ, CRPF ਦਾ ਅਧਿਕਾਰੀ ਸ਼ਹੀਦ, 7 ਜਵਾਨ ਜ਼ਖ਼ਮੀ

Image Courtesy :jagbani(punjabkesari)

ਰਾਏਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿਚ ਬਰੂਦੀ ਸੁਰੰਗ ਵਿਚ ਹੋਏ ਧਮਾਕੇ ਵਿਚ ਕੇਂਦਰੀ ਰਿਜ਼ਰਵ ਪੁਲਸ ਫੋਰਸ ਦਾ ਸਹਾਇਕ ਕਮਾਂਡੈਂਟ ਸ਼ਹੀਦ ਹੋ ਗਿਆ ਹੈ ਅਤੇ 7 ਹੋਰ ਜਵਾਨ ਜਖ਼ਮੀ ਹੋ ਗਏ ਹਨ। ਬਸਤਰ ਖੇਤਰ ਦੇ ਪੁਲਸ ਅਧਿਕਾਰੀ ਸੁੰਦਰਰਾਜ ਪੀ ਨੇ ਐਤਵਾਰ ਨੂੰ ਦੱਸਿਆ, ‘ਸੁਕਮਾ ਜ਼ਿਲ੍ਹੇ ਦੇ ਚਿੰਤਲਨਾਰ ਥਾਨਾ ਖੇਤਰ ਅਨੁਸਾਰ ਤਾੜਮੇਟਲਾ ਪਿੰਡ ਦੇ ਕਰੀਬ ਜੰਗਲ ਵਿਚ ਨਕਸਲੀਆਂ ਨੇ ਬਰੂਦੀ ਸੁਰੰਗ ਵਿਚ ਧਮਾਕਾ ਕਰ ਦਿੱਤਾ। ਇਸ ਘਟਨਾ ਵਿਚ ਸੀ.ਆਰ.ਪੀ.ਐਫ. ਦੀ 206 ਕੋਬਰਾ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਨਿਤਿਨ ਪੀ ਭਾਲੇਰਾਵ ਸ਼ਹੀਦ ਹੋ ਗਏ ਅਤੇ 7 ਹੋਰ ਜਵਾਨ ਜ਼ਖ਼ਮੀ ਹੋ ਗਏ।’ ਇਸ ਤੋਂ ਪਹਿਲਾਂ ਸ਼ਨੀਵਾਰ ਦੇਰ ਰਾਤ ਪੁਲਸ ਅਧਿਕਾਰੀਆਂ ਨੇ ਇਸ ਘਟਨਾ ਵਿਚ 5 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਸੀ।
ਸੁੰਦਰਰਾਜ ਨੇ ਦੱਸਿਆ, ‘ਚਿੰਤਲਨਾਰ ਖੇਤਰ ਵਿਚ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਗਸ਼ਤ ਲਈ ਰਵਾਨਾ ਕੀਤਾ ਗਿਆ ਸੀ। ਸੁਰੱਖਿਆ ਫੋਰਸ ਦੇ ਜਵਾਨ ਸ਼ਨੀਵਾਰ ਦੇਰ ਸ਼ਾਮ ਕਰੀਬ 8.30 ਵਜੇ ਤਾੜਮੇਟਲਾ ਪਿੰਡ ਦੇ ਜੰਗਲ ਵਿਚ ਸਨ, ਉਦੋਂ ਨਕਸਲੀਆਂ ਨੇ ਬਰੂਦੀ ਸੁਰੰਗ ਵਿਚ ਧਮਾਕਾ ਕਰ ਦਿੱਤਾ। ਇਸ ਘਟਨਾ ਵਿਚ ਸਹਾਇਕ ਕਮਾਂਡੈਂਟ ਭਾਲੇਰਾਵ ਸਮੇਤ 8 ਲੋਕ ਜ਼ਖ਼ਮੀ ਹੋ ਗਏ ਸਨ।’ ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਗੋਲੀਬਾਰੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਘਟਨਾ ਵਿਚ 5 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਸੀ। ਬਾਅਦ ਵਿਚ ਜਾਣਕਾਰੀ ਮਿਲੀ ਕਿ ਇਸ ਘਟਨਾ ਵਿਚ 3 ਹੋਰ ਜਵਾਨ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਜ਼ਖ਼ਮੀ ਜਵਾਨਾਂ ਨੂੰ ਹੈਲੀਕਾਪਟਰ ਜ਼ਰੀਏ ਜੰਗਲ ਤੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਰਾਏਪੁਰ ਭੇਜਿਆ ਗਿਆ। ਸੁੰਦਰਰਾਜ ਨੇ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਸਹਾਇਕ ਕਮਾਂਡੈਂਟ ਦੀ ਮੌਤ ਹੋ ਗਈ ਹੈ ਅਤੇ 7 ਹੋਰ ਜ਼ਖ਼ਮੀ ਜਵਾਨਾਂ ਦਾ ਇਲਾਜ ਰਾਏਪੁਰ ਦੇ ਨਿੱਜੀ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਖੇਤਰ ਵਿਚ ਨਕਸਲੀਆਂ ਖ਼ਿਲਾਫ਼ ਅਭਿਆਨ ਜਾਰੀ ਹੈ।
News Credit :jagbani(punjabkesari)