ਸਮਰਾਲਾ ‘ਚ ਕਿਸਾਨ ਅੰਦੋਲਨ ਦੌਰਾਨ ਧਰਨੇ ‘ਤੇ ਬੈਠੇ ‘ਕਿਸਾਨ’ ਦੀ ਮੌਤ

Image Courtesy :jagbani(punjabkesari)

ਸਮਰਾਲਾ : ਪੰਜਾਬ ’ਚ ਖੇਤੀਬਾੜੀ ਬਿੱਲਾਂ ਦੇ ਵਿਰੋਧ ‘ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਬੁੱਧਵਾਰ ਨੂੰ ਧਰਨੇ ’ਤੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਸਮਰਾਲਾ ਵਿਖੇ ਰੇਲਵੇ ਸਟੇਸ਼ਨ ’ਤੇ ਧਰਨੇ ’ਤੇ ਬੈਠੇ ਕਿਸਾਨਾਂ ’ਚ ਸ਼ਾਮਲ ਕਿਸਾਨ ਗੁਰਮੀਤ ਸਿੰਘ (55) ਦੀ ਅਚਾਨਕ ਸਿਹਤ ਵਿਗੜ ਗਈ।
ਕੁੱਝ ਪਲਾਂ ‘ਚ ਹੀ ਉਸ ਨੇ ਧਰਨੇ ਵਾਲੀ ਥਾਂ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਕਿਸਾਨ ਗੁਰਮੀਤ ਸਿੰਘ ਮਾਛੀਵਾੜਾ ਦਾ ਰਹਿਣ ਵਾਲਾ ਹੈ ਅਤੇ ਉਹ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਹੋਣ ਕਰਕੇ ਪਿਛਲੇ ਦੋ ਮਹੀਨੇ ਤੋਂ ਚੱਲ ਰਹੇ ਇਸ ਕਿਸਾਨ ਅੰਦੋਲਨ ‘ਚ ਸ਼ਮੂਲੀਅਤ ਕਰਦਾ ਆ ਰਿਹਾ ਸੀ।
ਅੱਜ ਵੀ ਉਹ ਹਰ ਰੋਜ਼ ਦੀ ਤਰ੍ਹਾਂ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਹੇ ਕਿਸਾਨ ਧਰਨੇ ‘ਚ ਸ਼ਾਮਲ ਸੀ ਅਤੇ ਅਚਾਨਕ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਦੀ ਅਗਲੇ ਸੰਘਰਸ਼ ਦੀ ਰੂਪ-ਰੇਖਾ ਨੂੰ ਲੈ ਕੇ ਚੱਲ ਰਹੀ ਮੀਟਿੰਗ ਦੌਰਾਨ ਜਿਵੇਂ ਹੀ ਸਮਰਾਲਾ ਵਿਖੇ ਧਰਨੇ ‘ਚ ਸ਼ਾਮਲ ਇੱਕ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਪੁੱਜੀ ਤਾਂ ਸਮੁੱਚੀਆਂ ਕਿਸਾਨ ਜੱਥੇਬੰਦੀਆਂ ‘ਚ ਸੋਗ ਦੀ ਲਹਿਰ ਫੈਲ ਗਈ।
ਕਿਸਾਨ ਆਗੂਆਂ ਨੇ ਸੰਘਰਸ਼ ਦੌਰਾਨ ਆਪਣੇ ਇਸ ਸਾਥੀ ਦੀ ਮੌਤ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਗੁੱਸੇ ਦਾ ਇਜ਼ਾਹਰ ਕੀਤਾ ਹੈ। ਧਰਨੇ ਵਾਲੀ ਥਾਂ ’ਤੇ ਵੀ ਇੱਕਤਰ ਹੋਏ ਕਿਸਾਨਾਂ ’ਚ ਇੰਝ ਅਚਾਨਕ ਸੰਘਰਸ਼ ਦੌਰਾਨ ਆਪਣੇ ਇੱਕ ਸਾਥੀ ਦੀ ਮੌਤ ਹੋ ਜਾਣ ਦੇ ਗੁੱਸੇ ਦੀ ਲਹਿਰ ਫੈਲ ਗਈ ਹੈ।
News Credit :jagbani(punjabkesari)