ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ‘ਤੇ ਵਿਧਵਾ ਨੇ ਲਗਾਏ ਬਲਾਤਕਾਰ ਦੇ ਦੋਸ਼

Image Courtesy :jagbani(punjabkesari)

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਲੁਧਿਆਣਾ ਦੀ ਇਕ ਵਿਧਵਾ ਬੀਬੀ ਨੇ ਜਬਰ-ਜ਼ਿਨਾਹ ਕਰਨ ਦੇ ਦੋਸ਼ ਲਗਾਏ ਹਨ। ਉਕਤ ਬੀਬੀ ਨੇ ਕਿਹਾ ਕਿ ਉਸ ਨੇ ਪ੍ਰਾਪਰਟੀ ਡੀਲਰ ਸੁਖਚੈਨ ਸਿੰਘ ਪਾਸੋਂ ਇਕ ਮਕਾਨ 18 ਲੱਖ ਰੁਪਏ ‘ਚ ਖਰੀਦਿਆ ਸੀ ਜਿਸ ਵਿਚ ਉਸ ਨੇ 11 ਲੱਖ ਰੁਪਿਆ ਕੈਸ਼ ਦਿੱਤਾ ਅਤੇ 10 ਲੱਖ ਦਾ ਬੈਂਕ ਤੋਂ ਲੋਨ ਲਿਆ ਸੀ। ਉਕਤ ਨੇ ਕਿਹਾ ਕਿ 1 ਲੱਖ 25 ਹਜ਼ਾਰ ਰੁਪਿਆ ਇਹ ਲੋਨ ਕਰਵਾਉਣ ਦੇ ਨਾਮ ‘ਤੇ ਖਾ ਗਏ। ਘਰ ਲੈਣ ਤੋਂ ਇਕ ਮਹੀਨੇ ਬਾਅਦ ਮੇਰੇ ਪਤੀ ਦਾ ਬਿਮਾਰੀ ਕਾਰਣ ਦਿਹਾਂਤ ਹੋ ਗਿਆ ਅਤੇ ਘਰ ਦੀ ਮਾਲੀ ਹਾਲਾਤ ਵਿਗੜ ਗਈ। ਇਸ ਦੌਰਾਨ ਸੁਖਚੈਨ ਨੇ ਬੈਂਕ ਵਾਲਿਆਂ ਨੂੰ ਮੇਰੇ ਘਰ ਅਤੇ ਕੰਮ ਵਾਲੀ ਜਗ੍ਹਾ ‘ਤੇ ਕਿਸ਼ਤ ਲੈਣ ਲਈ ਭੇਜਣਾ ਸ਼ੁਰੂ ਕਰ ਦਿੱਤਾ। ਬੀਬੀ ਨੇ ਕਿਹਾ ਕਿ ਇਸ ਦੌਰਾਨ ਜਦੋਂ ਉਹ ਸਿਮਰਜੀਤ ਬੈਂਸ ਕੋਲ ਮਦਦ ਲਈ ਫਰਿਆਦ ਲੈ ਕੇ ਗਈ ਤਾਂ ਬੈਂਸ ਵਲੋਂ ਦਫ਼ਤਰ ਵਿਚ ਉਸ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ ਗਿਆ। ਪੀੜਤਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੈਂਸ ਵਲੋਂ ਲਗਭਗ 10-12 ਵਾਰ ਉਸ ਨਾਲ ਬਲਾਤਕਾਰ ਕੀਤਾ ਗਿਆ। ਪੀੜਤਾ ਨੇ ਕਿਹਾ ਕਿ ਬੈਂਸ ਦੇ ਘਰ ਨੇੜੇ ਇਕ ਭਾਬੀ ਹੈ ਉਸ ਦੇ ਘਰ ਵੀ ਬੈਂਸ ਵਲੋਂ ਉਸ ਨਾਲ ਸਰੀਰਕ ਸੰਬੰਧ ਬਣਾਏ ਗਏ।
ਇਹ ਲਗਾਏ ਦੋਸ਼
ਉਕਤ ਬੀਬੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਦਰਮਿਆਨ ਉਸ ਦੀ ਮੁਲਾਕਾਤ ਇਕ ਰੈਲੀ ਵਿਚ ਸਿਮਰਜੀਤ ਬੈਂਸ ਨਾਲ ਹੋਈ ਅਤੇ ਉਸ ਨੇ ਬੈਂਸ ਨੂੰ ਆਪਣੀ ਹੱਡ ਬੀਤੀ ਦੱਸੀ। ਇਸ ‘ਤੇ ਬੈਂਸ ਨੇ ਉਸ ਨੂੰ ਆਪਣੇ ਦਫ਼ਤਰ ਬੁਲਾਇਆ ਅਤੇ ਕਿਹਾ ਕਿ ਉਹ ਆਪਣੇ ਘਰ ਦੀਆਂ ਚਾਬੀਆਂ ਸੁਖਚੈਨ ਨੂੰ ਦੇ ਦੇਵੇ ਉਹ ਮਕਾਨ ਨੂੰ ਵੇਚ ਕੇ ਪੈਸੇ ਦੇ ਦੇਵੇਗਾ, ਜਿਸ ‘ਤੇ ਉਸ ਨੇ ਮਕਾਨ ਦੀਆਂ ਚਾਬੀਆਂ ਉਸ ਨੂੰ ਦੇ ਦਿੱਤੀਆਂ ਅਤੇ ਸੁਖਚੈਨ ਨੇ ਮੈਨੂੰ ਮਕਾਨ ਕਿਰਾਏ ‘ਤੇ ਲੈ ਦਿੱਤਾ। ਉਸ ਤੋਂ ਬਾਅਦ ਸੁਖਚੈਨ ਸਿੰਘ ਨੇ ਉਹ ਮਕਾਨ ਕਿਸੇ ਹੋਰ ਨੂੰ ਵੇਚ ਦਿੱਤਾ ਅਤੇ ਮੇਰੇ ਕੋਲੋਂ ਰਜਿਸਟਰੀ ਕਰਵਾ ਲਈ ਤੇ ਮੈਨੂੰ 4 ਲੱਖ 50 ਹਜ਼ਾਰ ਰੁਪਏ ਨਕਦ ਦੇ ਦਿੱਤਾ ਅਤੇ 60 ਗਜ ਦਾ ਪਲਾਟ ਕੱਚੀ ਲਿਖਤ ਕਰਕੇ ਜੱਸੋਵਾਲ ਦੇ ਦਿੱਤਾ, ਜਿਸ ਦਾ ਉਸ ਨੇ ਵਿਰੋਧ ਕੀਤਾ। ਕੁਝ ਸਮੇਂ ਬਾਅਦ ਜਦੋਂ ਮੈਂ ਸੁਖਚੈਨ ਤੋਂ ਪੈਸੇ ਮੰਗੇ ਤਾਂ ਉਸ ਨੇ ਸਾਫ ਇਨਕਾਰ ਕਰ ਦਿੱਤਾ। ਇਸ ਦੌਰਾਨ ਬੈਂਸ ਦੇ ਕਹਿਣ ‘ਤੇ ਸੁਖਚੈਨ ਨੇ ਮੈਨੂੰ 5000 ਰੁਪਏ ਦੇ ਦਿੱਤੇ।
ਉਕਤ ਨੇ ਕਿਹਾ ਜਬਰ-ਜ਼ਿਨਾਹ ਦੀ ਗੱਲ ਉਸ ਨੇ ਲੋਕ ਇਨਸਾਫ ਪਾਰਟ ਦੀ ਵਾਰਡ ਪ੍ਰਧਾਨ ਬਲਜਿੰਦਰ ਕੌਰ ਨਾਲ ਵੀ ਕੀਤੀ ਜਿਸ ‘ਤੇ ਉਸ ਨੇ ਕਿਹਾ ਕਿ ਜਦੋਂ ਤਕ ਉਹ ਬੈਂਸ ਦੀ ਗੱਲ ਮੰਨਦੀ ਰਹੇਗੀ ਉਦੋਂ ਤਕ ਉਸ ਨੂੰ ਪ੍ਰਾਪਰਟੀ ਡੀਲਰ ਪਾਸੋਂ ਪੈਸੇ ਮਿਲਦੇ ਰਹਿਣਗੇ। ਪੀੜਤਾ ਨੇ ਦੋਸ਼ ਲਗਾਇਆ ਕਿ ਬੈਂਸ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪ੍ਰਾਪਰਟੀ ਡੀਲਰ ਨਾਲ ਮਿਲ ਕੇ ਮੇਰਾ ਘਰ ਖੋਹ ਲਿਆ ਹੈ ਅਤੇ ਉਸ ਨਾਲ ਬਲਾਤਕਾਰ ਕੀਤਾ ਹੈ, ਲਿਹਾਜ਼ਾ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਕੀ ਕਹਿਣਾ ਹੈ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ
ਉਧਰ ਬੀਬੀ ਵਲੋਂ ਲਗਾਏ ਗਏ ਦੋਸ਼ਾਂ ਨੂੰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬੇਬੁਨਿਆਦ ਦੱਸਿਆ ਹੈ। ਇਸ ਸਾਰੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਤ ਦੱਸਦੇ ਹੋਏ ਬੈਂਸ ਨੇ ਕਿਹਾ ਕਿ ਜਿਸ ਦਿਨ ਅਸੀਂ ਯਾਤਰਾ ਸ਼ੁਰੂ ਕਰਦੇ ਹਾਂ, ਉਸੇ ਦਿਨ ਇਨ੍ਹਾਂ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਦੇ ਸਰਕਾਰ ਬੈਂਸ ਨੂੰ ਚਿੱਟਾ ਵੇਚਣ ਵਾਲਿਆਂ ਨਾਲ ਜੋੜ ਦਿੰਦੀ ਹੈ, ਝੂਠੇ ਮੁਕੱਦਮੇ ਦੇ ਕੇ ਅੰਦਰ ਸੁੱਟ ਦਿੱਤਾ ਜਾਂਦਾ ਹੈ ਅਤੇ ਕਦੇ ਟੈਂਕਸ ਚੋਰ ਆਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੇਰਾ ਅਕਸ ਖ਼ਰਾਬ ਕਰਨ ਲਈ ਇਹ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੱਚਾਈ ਸਭ ਦੇ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੀ ਚੜ੍ਹਤ ਤੋਂ ਘਬਰਾ ਕੇ ਅਜਿਹੀ ਘਟੀਆ ਕਿਸਮ ਦੇ ਹਥਕੰਢੇ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਬੀਬੀ ਵਲੋਂ ਕੀਤੀ ਗਈ ਸ਼ਿਕਾਇਤ ਤੋਂ ਸਾਬਤ ਹੋ ਜਾਂਦਾ ਹੈ ਕਿ ਇਹ ਮਹਿਜ਼ ਰਾਜਨੀਤੀ ਤੋਂ ਪ੍ਰੇਰਤ ਹੈ। ਬੈਂਸ ਨੇ ਕਿਹਾ ਕਿ ਸਾਡੀ ਪਰਿਵਾਰ ਅਤੇ ਸਾਡੀ ਪਾਰਟੀ ਤੋਂ ਸਾਰੀ ਦੁਨੀਆ ਜਾਣੂ ਹੈ ਅਤੇ ਜਾਂਚ ਤੋਂ ਬਾਅਦ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ।
News Credit :jagbani(punjabkesari)