ਬੈਂਸ ਭਰਾਵਾਂ ਦੀ ਪੰਜਾਬ ਅਧਿਕਾਰਤ ਯਾਤਰਾ ਮੋਗਾ ਪਹੁੰਚੀ, ਹੱਕ ’ਚ ਨਿੱਤਰੇ ਲੱਖਾਂ ਲੋਕ

Image Courtesy :jagbani(punjabkesari)

ਮੋਗਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਅਤੇ ਕਿਸਾਨ ਵਿਰੋਧੀ ਖੇਤੀ ਸੁਧਾਰ ਕਾਨੂੰਨ ਨੂੰ ਵਾਪਸ ਕਰਵਾਉਣ ਲਈ ‘ਸਾਡਾ ਖੇਤ-ਸਾਡਾ ਪਾਣੀ-ਸਾਡਾ ਹੱਕ’ ਦੇ ਨਾਅਰਿਆਂ ਹੇਠ ਹਰੀਕੇ ਪੱਤਣ ਤੋੋਂ ਸ਼ੁਰੂ ਕੀਤੀ ਗਈ ‘ਪੰਜਾਬ ਅਧਿਕਾਰਤ ਯਾਤਰਾ’ ਬੀਤੀ ਰਾਤ ਮੋਗਾ ਵਿਖੇ ਪਹੁੰਚੀ। ਅੱਜ ਸਵੇਰੇ ਇਹ ਯਾਤਰਾ ਮੋਗਾ ਦੇ ਨਿਹਾਲ ਸਿੰਘ ਵਾਲਾ ਲਈ ਰਵਾਨਾ ਹੋਈ। ਇਸ ਯਾਤਰਾ ’ਚ ਭਾਰੀ ਗਿਣਤੀ ’ਚ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਇਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ 19 ਨਵੰਬਰ ਨੂੰ ਚੰਡੀਗੜ੍ਹ ਪਹੁੰਚੇਗੀ।
ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਯਾਤਰਾ ਬੀਤੇ ਸੋਮਵਾਰ ਤੋਂ 21 ਲੱਖ ਲੋਕਾਂ ਦੇ ਦਸਤਖ਼ਤ ਕਰਵਾ ਕੇ ਪਾਣੀ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਾਡੇ ਪਾਣੀ ਦੀ ਕੀਮਤ ਦਿਓ ਨਹੀਂ ਤਾਂ ਪਾਣੀ ਦੇਣਾ ਬੰਦ ਕਰੋ। ਉਨ੍ਹਾਂ ਕਿਹਾ ਕਿ ਪਹਿਲਾਂ ਪਾਣੀ ਲੁੱਟਣ ਦਾ ਕੁਹਾੜਾ ਪੰਜਾਬ ’ਤੇ ਵੱਜਿਆ ਤੇ ਦੂਜਾ ਖੇਤੀ ਸੁਧਾਰ ਕਾਨੂੰਨ ਦਾ। ਇਸ ਨੂੰ ਲੈ ਕੇ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਰਾਤ ਅਸੀਂ ਮੋਗਾ ’ਚ ਗੁਜ਼ਾਰੀ ਹੈ ਜਦਕਿ ਕੱਲ ਆਉਣ ਵਾਲੀ ਰਾਤ ਤਲਵੰਡੀ ਸਾਬੋ, ਤੀਜੀ ਰਾਤ ਪਟਿਆਲਾ ਗੁਜ਼ਾਰੀ ਜਾਵੇਗੀ। ਇਸ ਤੋਂ ਬਾਅਦ ਚੌਥੇ ਦਿਨ 19 ਨਵੰਬਰ ਨੂੰ 21 ਲੱਖ ਲੋਕਾਂ ਦੀ ਦਸਤਖ਼ਤ ਕੀਤੀ ਪਟੀਸ਼ਨ ਪੰਜਾਬ ਵਿਧਾਨ ਸਭਾ ਦੇ ਅੰਦਰ ਕੇਸ ਦਾਇਰ ਕੀਤੀ ਜਾਵੇਗੀ।
News Credit :jagbani(punjabkesari)