ਗੌਤਮ ਗੰਭੀਰ ਨੇ ਘੇਰਿਆ ਕੇਜਰੀਵਾਲ, ਕਿਹਾ-‘ਕੋਰੋਨਾ ਰੋਕਣ ‘ਚ ਅਸਫ਼ਲ’, ਹੁਣ ਅਮਿਤ ਸ਼ਾਹ ਬਚਾਉਣਗੇ ਦਿੱਲੀ

Image Courtesy :jagbani(punjabkesari)

ਨਵੀਂ ਦਿੱਲੀ: ਰਾਜਧਾਨੀ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਬੀ.ਜੇ.ਪੀ.ਸਾਂਸਦ ਗੌਤਮ ਗੰਭੀਰ ਨੇ ਦਿੱਲੀ ਦੇ ਸੀ.ਐਮ. ਅਰਵਿੰਦ ਕੇਜਰੀਵਾਲ ‘ਤੇ ਇਕ ਵਾਰ ਫਿਰ ਨਿਸ਼ਾਨਾ ਵਿੰਨ੍ਹਿਆ ਹੈ। ਗੌਤਮ ਗੰਭੀਰ ਨੇ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਕੋਰੋਨਾ ਨਾਲ ਨਜਿੱਠਣ ਵਿਚ ਨਾਕਾਮ ਦੱਸਿਆ ਹੈ। ਆਪਣੇ ਟਵੀਟ ਵਿਚ ਉਨ੍ਹਾਂ ਨੇ ਕੇਜਰੀਵਾਲ ਨੂੰ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਯਾਦ ਵੀ ਦਿਵਾਈ ਹੈ।
ਗੰਭੀਰ ਨੇ ਟਵੀਟ ਕੀਤਾ, ‘ਨਮਸਕਾਰ ਦਿੱਲੀ, ਮੈਂ ਅਰਵਿੰਦ ਕੇਜਰੀਵਾਲ ਬੋਲ ਰਿਹਾ ਹਾਂ। ਕੋਵਿਡ ਮਹਾਮਾਰੀ ਨੂੰ ਰੋਕਣ ਵਿਚ ਮੈਂ ਇਕ ਵਾਰ ਫਿਰ ਅਸਫ਼ਲ ਰਿਹਾ ਹਾਂ, ਮਈ ਦੀ ਤਰ੍ਹਾਂ ਦੁਬਾਰਾ ਸਾਨੂੰ ਅਮਿਤ ਸ਼ਾਹ ਹੀ ਬਚਾਉਣਗੇ। ਤੁਹਾਡਾ ਆਪਣਾ ਵਿਗਿਆਪਨ ਵਾਲਾ ਮੁੱਖ ਮੰਤਰੀ।’
ਦੱਸਣਯੋਗ ਹੈ ਕਿ ਦਿੱਲੀ ਵਿਚ ਕੋਰੋਨਾ ਕਾਲ ਦੇ ਪਹਿਲੇ ਪੀਕ ਦੌਰਾਨ ਵੀ ਇਨਫੈਕਸ਼ਨ ਦੀ ਰਫ਼ਤਾਰ ਬੇਕਾਬੂ ਹੋਈ ਸੀ, ਉਦੋਂ ਵੀ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਾਲਿਆਂ ਨੂੰ ਕੋਰੋਨਾ ਸੰਕਟ ਤੋਂ ਬਚਾਉਣ ਦਾ ਮਾਸਟਰ ਪਲਾਨ ਦੱਸਿਆ ਸੀ, ਜਿਸ ਦੇ ਬਿਹਤਰ ਨਤੀਜੇ ਵੀ ਦੇਖਣ ਨੂੰ ਮਿਲੇ ਸਨ ਅਤੇ ਇਸ ਵਾਰ ਵੀ ਸਥਿਤੀ ਵਿਗੜਨ ‘ਤੇ ਉਨ੍ਹਾਂ ਨੇ ਮੋਰਚਾ ਸਾਂਭਿਆ ਹੈ।
ਰਾਜਧਾਨੀ ਦਿੱਲੀ ਵਿਚ ਵੱਧਦੇ ਕੋਰੋਨਾ ਦੇ ਮਾਮਲਿਆਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਐਮਰਜੈਂਸੀ ਬੈਠਕ ਵਿਚ 12 ਪੁਆਇੰਟ ਯੌਜਨਾ ਸੁਝਾਈ ਸੀ। ਦਿੱਲੀ ਵਿਚ ਸਿਹਤ ਕਾਮਿਆਂ ਦੀ ਘਾਟ ਨੂੰ ਦੇਖਦੇ ਹੋਏ ਸੀ.ਏ.ਪੀ.ਐਫ. ਤੋਂ ਡਾਕਟਰ ਅਤੇ ਪੈਰਾ ਮੈਡੀਕਲ ਨੂੰ ਏਅਰਲਿਫਟ ਕਰਕੇ ਦਿੱਲੀ ਲਿਆਏ ਜਾਣ ਦਾ ਫ਼ੈਸਲਾ ਕੀਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਸਮੇਤ ਕਈ ਸੀਨੀਅਰ ਨੇਤਾ ਅਤੇ ਅਧਿਕਾਰੀ ਇਸ ਬੈਠਕ ਵਿਚ ਮੌਜੂਦ ਰਹੇ। ਇਸ ਬੈਠਕ ਵਿਚ ਕੇਂਦਰ ਵੱਲੋਂ ਦਿੱਲੀ ਨੂੰ ਆਈ.ਸੀ.ਯੂ. ਬੈਡ ਦੇਣ ਅਤੇ ਹੋਰ ਉਪਕਰਨ ਮੁਹੱਈਆ ਕਰਾਉਣ ਦੀ ਵੀ ਗੱਲ ਕਹੀ ਗਈ।
ਅਮਿਤ ਸ਼ਾਹ ਨੇ ਟਵੀਟ ਵਿਚ ਦੱਸਿਆ ਕਿ ਕੋਰੋਨਾ ‘ਤੇ ਕਾਬੂ ਪਾਉਣ ਲਈ ਹੋਈ ਬੈਠਕ ਵਿਚ ਵਿਭਿੰਨ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਵਿਚ ਦਿੱਲੀ ਵਿਚ ਆਰ.ਟੀ.-ਪੀ.ਸੀ.ਆਰ. ਟੈਸਟ ਵਿਚ ਦੋ ਗੁਣਾ ਵਾਧਾ ਕਰਨ ਦੀ ਗੱਲ ਕਹੀ ਗਈ ਹੈ। ਨਾਲ ਹੀ ਦਿੱਲੀ ਵਿਚ ਲੈਬਾਂ ਦੀ ਸਮਰਥਾ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰਕੇ, ਜਿੱਥੇ ਕੋਵਿਡ ਹੋਣ ਦਾ ਖ਼ਤਰਾ ਜ਼ਿਆਦਾ ਹੈ, ਉਥੇ ਸਿਹਤ ਮੰਤਰਾਲੇ ਅਤੇ ਆਈ.ਸੀ.ਐਮ.ਆਰ. ਦੀ ਮੋਬਾਇਲ ਟੈਸਟਿੰਗ ਵੈਨਾਂ ਨੂੰ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਗਿਆ।
News Credit :jagbani(punjabkesari)