ਪੁਲਸ ਪ੍ਰਸ਼ਾਸਨ ਤੋਂ ਦੁਖੀ ਧਰਮਕੋਟ ਹਲਕੇ ਦੇ ਕਾਂਗਰਸੀ ਪੁੱਜੇ ਵਿਧਾਇਕ ਲੋਹਗੜ੍ਹ ਦੇ ‘ਦਰਬਾਰ’ ‘ਚ

Image Courtesy :jagbani(punjabkesar)

ਧਰਮਕੋਟ ਆਮ ਹੀ ਦੇਖਣ ਵਿਚ ਆਇਆ ਹੈ ਕਿ ਸੱਤਾਧਾਰੀ ਪਾਰਟੀ ਦੇ ਕਾਰਜਕਾਲ ਦੌਰਾਨ ਪੁਲਸ ਪ੍ਰਸ਼ਾਸਨ ਤੋਂ ਦੁਖੀ ਵਿਰੋਧੀ ਪਾਰਟੀਆਂ ਧਰਨੇ ਮੁਜ਼ਾਹਰੇ ਕਰਦੀਆਂ ਹਨ ਪਰ ਧਰਮਕੋਟ ਹਲਕੇ ‘ਚ ਵੱਖਰੀ ਗੱਲ ਦੇਖਣ ਨੂੰ ਮਿਲੀ। ਧਰਮਕੋਟ ਹਲਕੇ ਦੇ ਵੱਡੀ ਗਿਣਤੀ ‘ਚ ਸੀਨੀਅਰ ਕਾਂਗਰਸੀ ਆਗੂਆਂ ਜੋ ਕਿ ਵੱਖ-ਵੱਖ ਅਹੁਦਿਆਂ ਤੇ ਤਾਇਨਾਤ ਹਨ। ਉਨ੍ਹਾਂ ਆਪਣੀ ਇਕੱਤਰਤਾ ਦੌਰਾਨ ਧਰਮਕੋਟ ਹਲਕੇ ‘ਚ ਪੁਲਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਸੁਣਵਾਈ ਨਾ ਕਰਨ ‘ਤੇ ਉਨ੍ਹਾਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਕੋਲ ਆਪਣੇ ਦੁੱਖੜੇ ਰੋਏ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਿਤਪਾਲ ਸਿੰਘ ਚੀਮਾ ਚੇਅਰਮੈਨ ਬਲਾਕ ਸੰਮਤੀ, ਇੰਦਰਪ੍ਰੀਤ ਸਿੰਘ ਬਟੀ ਪ੍ਰਧਾਨ ਨਗਰ ਕੌਂਸਲ, ਜਰਨੈਲ ਸਿੰਘ ਖੰਭੇ ਚੇਅਰਮੈਨ ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ, ਸ਼ਿਵਾਜ ਸਿੰਘ ਭੋਲਾ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ, ਕੁਲਬੀਰ ਸਿੰਘ ਲੋਂਗੀਵਿੰਡ ਚੇਅਰਮੈਨ ਪੀ.ਏ.ਡੀ.ਬੀ, ਅਮਨ ਗਿਲ ਪ੍ਰਧਾਨ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ, ਦਰਸ਼ਨ ਸਿੰਘ ਲਲਿਹਾਂਦੀ ਵਾਇਸ ਚੇਅਰਮੈਨ, ਬਲਤੇਜ ਸਿੰਘ ਗਿੱਲ ਚੇਅਰਮੈਨ ਕੋਆ, ਮਾਰਕੀਟ ਸੁਸਾਇਟੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਹੁੰਦੇ ਹੋਏ ਵੀ ਧਰਮਕੋਟ ਹਲਕੇ ਵਿਚ ਪੁਲਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਵਰਕਰਾਂ ਦੇ ਜਾਇਜ਼ ਕੰਮ ਵੀ ਨਹੀਂ ਕੀਤੇ ਜਾ ਰਹੇ। ਉਪਰੋਕਤ ਆਗੂਆਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵਲੋਂ ਕਾਂਗਰਸੀ ਵਰਕਰਾਂ ਨੂੰ ਜਾਣਬੁੱਝ ਕੇ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਫਤਿਹਗੜ੍ਹ ਪੰਜਤੂਰ ਵਿਖੇ ਕਾਂਗਰਸੀ ਵਰਕਰ ਨਾਲ ਧੱਕੇਸ਼ਾਹੀ ਖਿਲਾਫ਼ ਉਨ੍ਹਾਂ ਵਲੋਂ ਧਰਨਾ ਵੀ ਲਗਾਇਆ ਗਿਆ ਸੀ। ਇਸ ਧਰਨੇ ਦੌਰਾਨ ਭਾਵੇਂ ਐਫ.ਆਈ.ਆਰ.ਦਰਜ ਤਾਂ ਕੀਤੀ ਗਈ, ਪਰ ਕਾਰਵਾਈ ਕੋਈ ਨਹੀਂ ਹੋਈ।
ਇਸ ਤੋਂ ਇਲਾਵਾ ਵੀ ਹਲਕੇ ਦੇ ਵੱਖ-ਵੱਖ ਥਾਣਿਆਂ ਅਤੇ ਪੁਲਸ ਚੌਂਕੀਆਂ ‘ਚ ਕਾਂਗਰਸੀ ਵਰਕਰਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਆਮ ਪਬਲਿਕ ਨੂੰ ਚਲਾਨ ਕੱਟ ਕੇ ਨਾਜਾਇਜ਼ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਹੁੰਦੇ ਹੋਏ ਸਾਡਾ ਇਹ ਹਾਲ ਹੈ ਤਾਂ ਆਮ ਲੋਕਾਂ ਦਾ ਕੀ ਹੋਵੇਗਾ। ਇਸ ਨੂੰ ਲੈ ਕੇ ਅਸੀਂ ਅੱਜ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਕੋਲ ਆਪਣੇ ਦੁੱਖੜੇ ਰੋਣ ਆਏ ਹਾਂ। ਇਸ ਮੌਕੇ ਮਨਪ੍ਰੀਤ ਸਿੰਘ ਨੀਟਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਇਕਬਾਲ ਸਿੰਘ ਰਾਮਗੜ੍ਹ ਮੈਂਬਰ ਬਲਾਕ ਸੰਮਤੀ, ਮੋਹਨ ਸਿੰਘ ਸਰਪੰਚ ਭਿੰਡਰ, ਗੁਰਜਿੰਦਰ ਸਿੰਘ ਸੋਨੀ ਸਰਪੰਚ ਇੰਦਰਗੜ੍ਹ, ਜਰਨੈਲ ਸਿੰਘ ਗੁਗਲਾ ਸਰਪੰਚ, ਮੁਖਤਿਆਰ ਸਿੰਘ ਰਾਜੂ ਸਰਪੰਚ, ਪਰਮਿੰਦਰ ਸਿੰਘ ਸਰਪੰਚ, ਬੇਅੰਤ ਸਿੰਘ ਬਿੱਟੂ ਸਰਪੰਚ ਤੋਂ ਇਲਾਵਾ ਹੋਰ ਹਾਜ਼ਰ ਸਨ।
ਕੀ ਕਹਿਣਾ ਹਲਕਾ ਵਿਧਾਇਕ ਦਾ
ਜਦੋਂ ਇਸ ਸਬੰਧੀ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨਾਲ ਇਸ ਮਸਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦੇ ਵਰਕਰ ਉਸ ਪਾਰਟੀ ਦੀ ਜ਼ਿੰਦਜਾਨ ਹੁੰਦੇ ਹਨ।ਕਾਂਗਰਸੀ ਵਰਕਰਾਂ ਨੂੰ ਪੁਲਸ ਪ੍ਰਸ਼ਾਸਨ ਸਬੰਧੀ ਜੋ ਸ਼ਿੱਕਵੇਂ ਹਨ ਉਹ ਇਨ੍ਹਾਂ ਵਰਕਰਾਂ ਦਾ ਮਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣਗੇ ਅਤੇ ਕਾਂਗਰਸੀ ਵਰਕਰਾਂ ਦਾ ਮਾਣ-ਸਨਮਾਨ ਬਹਾਲ ਕਰਵਾਇਆ ਜਾਵੇਗਾ।
News Credit :jagbani(punjabkesar)