ਇਕ ਦੂਜੇ ਨੂੰ ਭੰਡਣ ਦੀ ਬਜਾਏ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ: ਮਲੂਕਾ

Image Courtesy :jagbani(punjabkesar)

ਭਗਤਾ ਭਾਈ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਸੂਬਾ ਪ੍ਰਧਾਨ, ਕਿਸਾਨ ਯੂਨੀਅਨਾਂ ਦੇ ਪ੍ਰਧਾਨਾਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਦੀ ਕੋਠੀ ਅੱਗੇ ਮਰਨ ਵਰਤ ਸ਼ੁਰੂ ਕਰੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਉਨ੍ਹਾਂ ਨਾਲ ਮਰਨ ਵਰਤ ਤੇ ਬੈਠਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਨੇ ਪਿੰਡ ਮਲੂਕਾ ਵਿਖੇ ਦਲ ਦੀ ਹਲਕਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਮਲੂਕਾ ਨੇ ਕਿਹਾ ਕਿ ਇਸ ਸਮੇਂ ਇਕ ਦੂਜੇ ਨੂੰ ਭੰਡਣ ਦੀ ਲੋੜ ਨਹੀਂ ਸਗੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੜ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰੀ ਮੰਤਰੀ ਦਾ ਅਹੁੱਦਾ ਛੱਡਿਆ ਹੈ ਅਤੇ ਭਾਜਪਾ ਨਾਲੋਂ ਆਪਣਾ ਸਿਆਸੀ ਨਾਤਾ ਤੋੜਿਆ ਹੈ। ਪਰ ਸੂਬੇ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਸਤੀਫੇ ਦੇ ਦੇਣ ਦਾ ਝੂਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਤੀਫ਼ਾ ਦੇਣਾ ਸੋਖਾ ਕੰਮ ਨਹੀਂ ਹੁੰਦਾ, ਕਾਂਗਰਸ ਦੇ ਇਕ ਵਿਧਾਇਕ ਨੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅਸਤੀਫ਼ਾ ਦਿੱਤਾ ਸੀ ਜੋ ਅੱਜ ਤੱਕ ਪ੍ਰਵਾਨ ਨਹੀਂ ਕੀਤਾ ਗਿਆ। ਇਸ ਮੌਕੇ ਮਲੂਕਾ ਨੇ ਦਾਅਵਾ ਕੀਤਾ ਕਿ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਦੇ ਹੱਕ ‘ਚ ਹਮੇਸ਼ਾ ਅਕਾਲੀ ਦਲ ਨੇ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਟ੍ਰੈਕਟਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦਾ ਗੱਡਾ ਐਲਾਨਿਆ ਸੀ।
ਮਲੂਕਾ ਨੇ ਕਿਹਾ ਕਿ ਜੇਕਰ ਪੰਜਾਬ ਦਾ ਵਿਕਾਸ ਕਾਂਗਰਸ ਨੇ ਕੀਤਾ ਹੈ ਤਾਂ ਬਾਕੀ ਸੂਬਿਆਂ ਵਿਚ ਵਿਕਾਸ ਕਿਉਂ ਨਹੀ ਹੋਇਆ। ਮਲੂਕਾ ਨੇ ਦੋਸ਼ ਲਾਇਆ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਲੰਮਾ ਸਮਾਂ ਰਹੀ ਹੈ, ਪਰ ਦੇਸ਼ ਨੂੰ ਲੁੱਟਣ ਦੀ ਬਜਾਏ ਕਾਂਗਰਸ ਨੇ ਦੇਸ਼ ਦੇ ਵਿਕਾਸ ਲਈ ਕੱਖ ਨਹੀਂ ਕੀਤਾ। ਇਸ ਮੌਕੇ ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀਆਂ ਦੇ ਇਸਾਰੇ ਤੇ ਅਕਾਲੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਸਮਾਂ ਆਉਣ ‘ਤੇ ਹਿਸਾਬ ਲਿਆ ਜਾਵੇਗਾ। ਇਸ ਮੌਕੇ ਮਲੂਕਾ ਨੇ ਕਿਹਾ ਕਿ ਦਲ ਦੇ ਸਾਰੇ ਵਿੰਗਾਂ ਦੀਆਂ ਨਿਯੁਕਤੀਆਂ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਅਕਾਲੀ ਵਰਕਰਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਲਾਮਬੰਦ ਕੀਤਾ।ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ, ਜੱਥੇਦਾਰ ਸਤਨਾਮ ਸਿੰਘ ਭਾਈਰੂਪਾ, ਅਜੈਬ ਸਿੰਘ ਹਮੀਰਗੜ੍ਹ, ਗੁਰਮੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
News Credit :jagbani(punjabkesar)