ਬਾਦਲ ਪਰਿਵਾਰ ‘ਤੇ ਬ੍ਰਹਮਪੁਰਾ ਦਾ ਵੱਡਾ ਹਮਲਾ, ਫਿਰ ਚੁੱਕਿਆ ਸੌਦਾ ਸਾਧ ਦਾ ਮੁੱਦਾ

Image Courtesy :jagbani(punjabkesar)

ਤਰਨਤਾਰਨ : ਸੌਦਾ ਸਾਧ ਨੂੰ ਮਸ਼ਹੂਰ ਕਰਨ ਲਈ ਬਾਦਲ ਪਰਿਵਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਜਿਸ ਦੇ ਕਾਰਕੁਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਨਾਲ-ਨਾਲ ਬਰਗਾੜੀ ਕਾਂਡ ‘ਚ 2 ਸਿੱਖ ਨੌਜਵਾਨਾਂ ਨੂੰ ਸ਼ਹੀਦ ਹੋਣਾ ਪਿਆ ਸੀ। ਇਸ ਦੇ ਨਾਲ ਹੀ 328 ਪਾਵਨ ਸਰੂਪਾਂ ਦੇ ਗੁੰਮ ਹੋਣ ਤਹਿਤ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਪਾਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਨੇ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਬ੍ਰਹਮਪੁਰਾ ਨੇ ਕਿਹਾ ਕਿ ਪੰਥ ਦਾ ਜੋ ਵੀ ਨੁਕਸਾਨ ਹੋਇਆ, ਉਹ ਸਿਰਫ ਬਾਦਲਾਂ ਦੀ ਦੇਣ ਹੈ। ਸਿੱਖ ਰਾਜਨੀਤੀ ‘ਚ ਗੁਰੂਧਾਮਾਂ ਦਾ ਅਹਿਮ ਸਥਾਨ ਹੈ। ਬਾਦਲਾਂ ਨੇ ਸੱਤਾ ‘ਤੇ ਕਾਬਜ਼ ਹੋਣ ਲਈ ਗੁਰੂਧਾਮਾਂ ਨੂੰ ਵੀ ਨਹੀਂ ਬਖਸ਼ਿਆ। ਬ੍ਰਹਮਪੁਰਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ‘ਤੇ ਬਾਦਲਾਂ ਨੇ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਬਾਦਲ ਨੂੰ ਸੱਤਾਹੀਣ ਕਰਨ ਲਈ ਇਕ ਮੰਚ ‘ਤੇ ਇਕੱਠੇ ਹੋਣ ਤਾਂ ਜੋ ਉਨ੍ਹਾਂ ਦੇ ਪਰਿਵਾਰਕ ਲੋਟੂ ਟੋਲੇ ਨੂੰ ਧਾਰਮਿਕ ਸਥਾਨਾਂ ਤੋਂ ਬਾਹਰ ਕੀਤਾ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਬਾਦਲਾਂ ਦੀ ਹਕੂਮਤ ਵੇਲੇ ਕਿਸਾਨੀ ਨੂੰ ਪਾਣੀ ਦੀਆਂ ਵਾਛੜਾਂ ਅਤੇ ਪੁਲਸ ਰਾਹੀ ਕੁੱਟਮਾਰ ਕੀਤੀ ਜਾਂਦੀ ਰਹੀ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਕਾਰ ਖੁਸਣ ਤੋਂ ਡਰਦਿਆਂ ਹੁਣ ਇਹ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਹਨ, ਜਦ ਕਿ ਪਹਿਲਾਂ ਇਨ੍ਹਾਂ ਨੇ ਕਿਸਾਨੀ ਦੀ ਵਿਰੋਧਤਾ ਕੀਤੀ ਸੀ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਵੀ ਇਸੇ ਕੜੀ ਵਜੋਂ ਹੈ ਪਰ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।
News Credit :jagbani(punjabkesar)