ਦਿੱਲੀ ‘ਚ ਪ੍ਰਦੂਸ਼ਣ ਦੀ ਸਥਿਤੀ ‘ਖ਼ਤਰਨਾਕ’, ਧੁੰਦ ਦੀ ਚਾਦਰ ‘ਚ ਲਿਪਟੀ ਰਾਜਧਾਨੀ

Image Courtesy :jagbani(punjabkesar)

ਨਵੀਂ ਦਿੱਲੀ— ਦਿੱਲੀ ‘ਚ ਪ੍ਰਦੂਸ਼ਣ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਹਵਾ ਦੀ ਰਫ਼ਤਾਰ ਹੌਲੀ ਰਹਿਣ ਅਤੇ ਪਰਾਲੀ ਸਾੜਨ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹਵਾ ਦੀ ਗੁਣਵੱਤਾ ਲਗਾਤਾਰ 5ਵੇਂ ਦਿਨ ਵੀ ‘ਗੰਭੀਰ’ ਸ਼੍ਰੇਣੀ ਵਿਚ ਬਣੀ ਹੋਈ ਹੈ। ਸ਼ਹਿਰ ਵਿਚ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (ਏ. ਕਿਊ. ਆਈ.) 449 ਦਰਜ ਕੀਤਾ ਗਿਆ। ਜਿਸ ਕਾਰਨ ਦਿੱਲੀ-ਐੱਨ. ਸੀ. ਆਰ. ‘ਤੇ ਪ੍ਰਦੂਸ਼ਣ ਅਤੇ ਧੁੰਦ ਦੀ ਚਾਦਰ ਲਿਪਟੀ ਹੋਈ ਹੈ। ਦਿੱਲੀ ਦੇ ਗੁਆਂਢੀ ਸ਼ਹਿਰਾਂ ਫਰੀਦਾਬਾਦ ‘ਚ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ ਆਉਂਦਾ ਹੈ।
ਜ਼ਿਕਰਯੋਗ ਹੈ ਕਿ 0 ਅਤੇ 50 ਦਰਮਿਆਨ ਹਵਾ ਗੁਣਵੱਤਾ ਨੂੰ ‘ਚੰਗਾ’, 51 ਅਤੇ 100 ਦਰਮਿਆਨ ‘ਤਸੱਲੀਬਖਸ਼’, 101 ਅਤੇ 200 ਦਰਮਿਆਨ ‘ਮੱਧ’, 201 ਅਤੇ 300 ਦਰਮਿਆਨ ‘ਖਰਾਬ’, 301 ਅਤੇ 400 ਦਰਮਿਆਨ ‘ਬੇਹੱਦ ਖਰਾਬ’ ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ। ਪੰਜਾਬ ‘ਚ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਦੀ ਗਿਣਤੀ ਹੁਣ ਵੀ ਜ਼ਿਆਦਾ ਹੈ, ਜਿਸ ਨਾਲ ਦਿੱਲੀ-ਐੱਨ. ਸੀ. ਆਰ. ਅਤੇ ਉੱਤਰੀ-ਪੱਛਮੀ ਭਾਰਤ ਦੀ ਹਵਾ ਗੁਣਵੱਤਾ ‘ਤੇ ਅਸਰ ਪੈ ਸਕਦਾ ਹੈ।
ਦਿੱਲੀ ‘ਚ ਇਸ ਵਾਰ ਪ੍ਰਦੂਸ਼ਣ ਦੀ ਸਮੱਸਿਆ ਹੋਰ ਵੀ ਡਰਾਉਣੀ ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ਵਿਚ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ ਰਿਕਾਰਡ ਤੇਜ਼ੀ ਨਾਲ ਵੱਧ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਹਵਾ ਗੁਣਵੱਤਾ ਦੀ ਸਥਿਤੀ ਵਿਗੜ ਰਹੀ ਹੈ, ਕਿਉਂਕਿ ਜਨਤਕ ਥਾਂਵਾਂ ਖ਼ਾਸ ਕਰ ਕੇ ਭੀੜ-ਭਾੜ ਵਾਲੇ ਖੇਤਰਾਂ ਜਿਵੇਂ ਕਿ ਬਾਜ਼ਾਰ ਅਤੇ ਦੁਕਾਨਾਂ ‘ਤੇ ਲੋਕਾਂ ਦੀ ਆਵਾਜਾਈ ਵੱਧ ਰਹੀ ਹੈ। ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਨ ‘ਚ ਲਾਪ੍ਰਵਾਹੀ ਕਾਰਨ ਕੋਰੋਨਾ ਕੇਸਾਂ ‘ਚ ਉਛਾਲ ਆਇਆ ਹੈ। ਵੱਧਦੇ ਪ੍ਰਦੂਸ਼ਣ ਦੀ ਵਜ੍ਹਾ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਾਕਿਆਂ ‘ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ।
ਪ੍ਰਦੂਸ਼ਣ ‘ਚ ਕੀ ਕਰੀਏ ਅਤੇ ਕੀ ਨਾ ਕਰੀਏ—
— ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਓ ਤਾਂ ਹਮੇਸ਼ਾ ਮਾਸਕ ਪਹਿਨੋ।
— ਸਵੇਰ ਅਤੇ ਰਾਤ ਨੂੰ ਸੈਰ ਲਈ ਨਾ ਨਿਕਲੋ, ਕਿਉਂਕਿ ਇਸ ਸਮੇਂ ਦੂਸ਼ਿਤ ਹਵਾ ਦਾ ਅਸਰ ਵਧੇਰੇ ਹੁੰਦਾ ਹੈ।
— ਖਾਣੇ ਵਿਚ ਹਰੀਆਂ ਸਬਜ਼ੀਆਂ ਦੀ ਵਰਤੋਂ ਕਰੋ, ਜੋ ਕਿ ਤੁਹਾਨੂੰ ਅੰਦਰੋਂ ਸਿਹਤਮੰਦ ਰੱਖੇਗੀ।
— ਘਰ ਨੂੰ ਸ਼ੁੱਧ ਰੱਖਣ ਲਈ ਬੂਟੇ ਲਾਓ, ਜਿਸ ਨਾਲ ਤੁਹਾਡੇ ਘਰਾਂ ਦੀ ਹਵਾ ਸ਼ੁੱਧ ਹੋਵੇਗੀ।
— ਆਪਣੇ ਖਾਣੇ ਵਿਚ ਹਲਦੀ ਦੀ ਵਧੇਰੇ ਵਰਤੋਂ ਕਰੋ।
News Credit :jagbani(punjabkesar)