ਯਸ਼ਵਰਧਨ ਕੁਮਾਰ ਸਿਨਹਾ ਨੇ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇ ਦੀ ਸਹੁੰ ਚੁਕੀ

Image Courtesy :jagbani(punjabkesar)

ਨਵੀਂ ਦਿੱਲੀ- ਯਸ਼ਵਰਧਨ ਕੁਮਾਰ ਸਿਨਹਾ ਨੇ ਸ਼ਨੀਵਾਰ ਨੂੰ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ਅਨੁਸਾਰ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਆਯੋਜਿਤ ਸਮਾਰੋਹ ‘ਚ ਸਿਨਹਾ ਨੂੰ ਸਹੁੰ ਚੁਕਾਈ। ਇਸ ਸਾਲ 26 ਅਗਸਤ ਨੂੰ ਬਿਮਲ ਜੁਲਕਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ 2 ਮਹੀਨੇ ਤੋਂ ਵੱਧ ਸਮੇਂ ਤੋਂ ਮੁੱਖ ਸੂਚਨਾ ਕਮਿਸ਼ਨਰ ਦਾ ਅਹੁਦਾ ਖਾਲੀ ਪਿਆ ਸੀ। ਸਿਨਹਾ ਨੇ ਇਕ ਜਨਵਰੀ 2019 ਨੂੰ ਸੂਚਨਾ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਸੀ। ਉਹ ਬ੍ਰਿਟੇਨ ਅਤੇ ਸ਼੍ਰੀਲੰਕਾ ‘ਚ ਭਾਰਤ ਦੇ ਹਾਈ ਕਮਿਸ਼ਨ ਦੇ ਤੌਰ ‘ਤੇ ਸੇਵਾਵਾਂ ਦੇ ਚੁਕੇ ਹਨ। ਸੀ.ਆਈ.ਸੀ. ਬਤੌਰ 62 ਸਾਲਾ ਸਿਨਹਾ ਦਾ ਕਾਰਜਕਾਲ ਕਰੀਬ 3 ਸਾਲਾਂ ਦਾ ਹੋਵੇਗਾ। ਸੀ.ਆਈ.ਸੀ. ਜਾਂ ਸੂਚਨਾ ਕਮਿਸ਼ਨਰ ਦੀ ਨਿਯੁਕਤੀ 5 ਸਾਲ ਲਈ ਜਾਂ 65 ਸਾਲ ਦੀ ਉਮਰ ਪੂਰੀ ਹੋਣ ਤੱਕ ਲਈ ਕੀਤੀ ਜਾਂਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਤਿੰਨ ਦਿਨਾ ਕਮੇਟੀ ਵਲੋਂ ਸਿਨਹਾ ਦੀ ਚੋਣ ਕੀਤੀ ਗਈ ਹੈ। ਮੋਦੀ ਤੋਂ ਇਲਾਵਾ ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਕਮੇਟੀ ਦੇ ਮੈਂਬਰ ਹਨ। ਸਿਨਹਾ ਤੋਂ ਇਲਾਵਾ ਇਸ ਕਮੇਟੀ ਨੇ ਪੱਤਰਕਾਰ ਉਦੇ ਮਾਹੁਰਕਰ, ਸਾਬਕਾ ਲੇਬਰ ਸਕੱਤਰ ਹੀਰਾ ਲਾਲ ਸਾਮਾਰੀਆ ਅਤੇ ਸਾਬਕਾ ਉੱਪ ਕੰਟਰੋਲਰ ਅਤੇ ਆਡੀਟਰ ਜਨਰਲ ਸਰੋਜ ਪੁਨਹਾਨੀ ਨੂੰ ਸੂਚਨਾ ਕਮਿਸ਼ਨਰ ਦੇ ਰੂਪ ‘ਚ ਨਿਯੁਕਤ ਕਰਨ ਦੀ ਮਨਜ਼ੂਰੀ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਲੋਕਾਂ ਨੂੰ ਸ਼ਨੀਵਾਰ ਨੂੰ ਹੀ ਸਹੁੰ ਚੁਕਾਈ ਗਈ। ਮਾਹੁਰਕਰ, ਸਾਮਾਰੀਆ ਅਤੇ ਪੁਨਹਾਨੀ ਦੇ ਸ਼ਾਮਲ ਹੋਣ ਦੇ ਨਾਲ ਹੀ ਸੂਚਨਾ ਕਮਿਸ਼ਨਰਾਂ ਦੀ ਗਿਣਤੀ ਵੱਧ ਕੇ 7 ਹੋ ਜਾਵੇਗੀ, ਜਦੋਂ ਕਿ ਉਨ੍ਹਾਂ ਦੀ ਸਮਰੱਥਾ 10 ਹੈ।
News Credit :jagbani(punjabkesar)