ਪੰਜਾਬ ‘ਚ ਆਰਥਿਕ ਰਿਕਵਰੀ ਦੇ ਸੰਕੇਤ, 5 ਮਹੀਨਿਆਂ ਬਾਅਦ ਜੀ. ਐੱਸ. ਟੀ. ਕੁਲੈਕਸ਼ਨ ਫਿਰ ਵਧੀ

Image Courtesy :jagbani(punjabkesar)

ਜਲੰਧਰ : ਪੰਜਾਬ ‘ਚ ਕੋਰੋਨਾ ਤੋਂ ਬਾਅਦ ਆਰਥਿਕ ਰਿਕਵਰੀ ਦੇ ਸੰਕੇਤ ਮਿਲਣ ਲੱਗੇ ਹਨ। ਸੂਬੇ ‘ਚ ਲਗਭਗ 5 ਮਹੀਨਿਆਂ ਬਾਅਦ ਜੀ. ਐੱਸ. ਟੀ. ਕੁਲੈਕਸ਼ਨ ‘ਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਸੂਬੇ ਨੂੰ ਆਰਥਿਕ ਤੌਰ ‘ਤੇ ਮੁੜ-ਮਜ਼ਬੂਤੀ ਦੇ ਰਸਤੇ ‘ਤੇ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰਥਸ਼ਾਸਤਰੀ ਮੋਂਟੇਕ ਸਿੰਘ ਆਹਲੂਵਾਲੀਆ ਦੇ ਅਗਵਾਈ ‘ਚ ਇਕ ਉੱਚ ਪੱਧਰੀ ਆਰਥਿਕ ਕਮੇਟੀ ਬਣਾਈ ਸੀ, ਜਿਸ ਨੇ ਬੀਤੇ ਸਮੇਂ ‘ਚ ਸੂਬਾ ਸਰਕਾਰ ਨੂੰ ਕਈ ਤਰ੍ਹਾਂ ਦੇ ਆਰਥਿਕ ਕਦਮ ਚੁੱਕਣ ਲਈ ਕਿਹਾ।
ਪੰਜਾਬ ‘ਚ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ ਅਕਤੂਬਰ ਮਹੀਨੇ ‘ਚ 1060.76 ਕਰੋੜ ਰੁਪਏ ਰਹੀ ਜਦੋਂ ਕਿ ਪਿਛਲੇ ਸਾਲ ਇਹ ਇਸ ਮਿਆਦ ‘ਚ 929.52 ਕਰੋੜ ਸੀ, ਜਿਸ ‘ਚ 14.12 ਫ਼ੀਸਦੀ ਦਾ ਵਾਧਾ ਹੋਇਆ। ਕੋਰੋਨਾ ਦੌਰ ‘ਚ ਪੰਜਾਬ ‘ਚ ਪਹਿਲੇ 5 ਮਹੀਨਿਆਂ ‘ਚ ਆਰਥਿਕ ਗਤੀਵਿਧੀਆਂ ‘ਚ ਮੰਦੀ ਦਾ ਦੌਰ ਆ ਗਿਆ ਸੀ। ਮੰਦੀ ਦੇ ਦੌਰ ‘ਚ ਜਿਥੇ ਬੇਰੋਜ਼ਗਾਰੀ ‘ਚ ਵਾਧਾ ਹੋਇਆ, ਉਥੇ ਹੀ ਆਰਥਿਕ ਗਤੀਵਿਧੀਆਂ ਲਗਭਗ ਠੱਪ ਹੋ ਕੇ ਰਹਿ ਗਈਆਂ ਸੀ ਪਰ ਹੌਲੀ-ਹੌਲੀ ਜਿਵੇਂ-ਜਿਵੇਂ ਕੋਰੋਨਾ ਮਾਮਲਿਆਂ ‘ਚ ਕਮੀ ਆਉਂਦੀ ਗਈ, ਉਵੇਂ-ਉਵੇਂ ਆਰਥਿਕ ਗਤੀਵਿਧੀਆਂ ‘ਚ ਸੁਧਾਰ ਦੇ ਸੰਕੇਤ ਮਿਲਣ ਲੱਗੇ।
ਅਕਤੂਬਰ ਮਹੀਨੇ ‘ਚ ਸੂਬੇ ਨੂੰ ਜੀ. ਐੱਸ. ਟੀ. ਤੋਂ ਪ੍ਰਸਤਾਵਿਤ 2403 ਕਰੋੜ ਰੁਪਏ ਮਾਲੀਆ ਮਿਲਣ ਦੀ ਉਮੀਦ ਸੀ। ਇਸ ਲਈ ਅਕਤੂਬਰ ਮਹੀਨੇ ‘ਚ ਹੀ ਜੀ. ਐੱਸ. ਟੀ. ਦਾ ਮੁਆਵਜ਼ਾ 1343 ਕਰੋੜ ਬਣੇਗਾ ਜੋਕਿ ਕੇਂਦਰ ਨੇ ਅਦਾ ਕਰਨਾ ਹੈ। ਜੇਕਰ ਅਪ੍ਰੈਲ ਤੋਂ ਸਤੰਬਰ ਮਹੀਨੇ ਤੱਕ ਦੀ ਸਮੂਹਿਕ ਮੁਆਵਜ਼ਾ ਰਾਸ਼ੀ ਨੂੰ ਵੇਖਿਆ ਜਾਵੇ ਤਾਂ ਇਹ 10843 ਕਰੋੜ ਰੁਪਏ ਬਣਦੀ ਹੈ। ਰਾਸ਼ਟਰੀ ਪੱਧਰ ‘ਤੇ ਸ਼ੁੱਧ ਜੀ. ਐੱਸ. ਟੀ. ਕੁਲੈਕਸ਼ਨ ਅਕਤੂਬਰ 2020 ‘ਚ 1,05,155 ਕਰੋੜ ਰੁਪਏ ਪ੍ਰਸਤਾਵਿਤ ਸੀ ਜਦੋਂ ਕਿ ਰਾਸ਼ਟਰੀ ਸ਼ੁੱਧ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ ਇਸ ਮਹੀਨੇ 95380 ਕਰੋੜ ਰਹੀ। ਅਪ੍ਰੈਲ ਤੋਂ ਅਕਤੂਬਰ 2020 ਤੱਕ ਰਾਸ਼ਟਰੀ ਸ਼ੁੱਧ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ 5,59,746 ਕਰੋੜ ਰਹੀ ਜਦੋਂ ਕਿ ਪਿਛਲੇ ਸਾਲ ਇਸ ਮਿਆਦ ‘ਚ ਇਹ ਕੁਲੈਕਸ਼ਨ 7,01,673 ਕਰੋੜ ਰਹੀ ਜੋਕਿ 20.22 ਫ਼ੀਸਦੀ ਦੀ ਗਿਰਾਵਟ ਦਾ ਸੰਕੇਤ ਦਿੰਦੀ ਹੈ।
ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਅਨੁਸਾਰ 2019 ‘ਚ ਅਪ੍ਰੈਲ ਮਹੀਨੇ ‘ਚ ਜੀ. ਐੱਸ. ਟੀ. ਕੁਲੈਕਸ਼ਨ 1304.13 ਕਰੋੜ ਸੀ ਜਦੋਂ ਕਿ ਇਸ ਸਾਲ ਕੋਰੋਨਾ ਕਾਰਨ ਇਹ 156.28 ਕਰੋੜ ਰਹਿ ਗਈ। ਮਈ 2019 ‘ਚ ਜੀ. ਐੱਸ. ਟੀ. ਕੁਲੈਕਸ਼ਨ 998.13 ਕਰੋੜ ਸੀ ਜਦੋਂ ਕਿ ਇਸ ਸਾਲ 514.03 ਕਰੋੜ ਰਹੀ। ਜੂਨ ਮਹੀਨੇ ‘ਚ ਪਿਛਲੇ ਸਾਲ ਜੀ. ਐੱਸ. ਟੀ. ਕੁਲੈਕਸ਼ਨ 950.36 ਕਰੋੜ ਰਹੀ, ਜਦੋਂ ਕਿ ਇਸ ਸਾਲ 869.66 ਕਰੋੜ ਰਹੀ। ਜੁਲਾਈ ਮਹੀਨੇ ‘ਚ ਪਿਛਲੇ ਸਾਲ ਇਹ 1548.15 ਕਰੋੜ ਸੀ, ਜਦੋਂ ਕਿ ਇਸ ਸਾਲ 1103.31 ਕਰੋੜ ਰਹੀ। ਅਗਸਤ ਮਹੀਨੇ ‘ਚ ਇਹ ਪਿਛਲੇ ਸਾਲ 1014.03 ਕਰੋੜ ਰਹੀ, ਜਦੋਂ ਕਿ ਇਸ ਸਾਲ ਇਹ 987.20 ਕਰੋੜ ਰਹੀ। ਸਤੰਬਰ ਮਹੀਨੇ ‘ਚ ਪਿਛਲੇ ਸਾਲ ਇਹ 974.96 ਕਰੋੜ ਰਹੀ ਜਦੋਂ ਕਿ ਇਸ ਵਾਰ ਇਸ ‘ਚ ਵਾਧਾ ਵਿਖਾਈ ਦਿੱਤਾ ਅਤੇ ਇਹ 1055.24 ਕਰੋੜ ਰਹੀ। ਅਕਤੂਬਰ ਮਹੀਨੇ ‘ਚ ਪਿਛਲੇ ਸਾਲ ਇਹ 929.52 ਕਰੋੜ ਸੀ ਜਦੋਂ ਕਿ ਇਸ ਵਾਰ ਇਸ ‘ਚ ਵਾਧਾ ਹੋਇਆ ਅਤੇ ਇਹ ਵਧ ਕੇ 1060.76 ਕਰੋੜ ਹੋ ਗਈ।
ਕੇਂਦਰ ਨੇ ਪਿਛਲੇ ਕਈ ਮਹੀਨਿਆਂ ਦਾ ਜੀ. ਐੱਸ. ਟੀ. ਬਕਾਇਆ ਅਦਾ ਨਹੀਂ ਕੀਤਾ
ਜੀ. ਐੱਸ. ਟੀ. ਦੀ ਨੁਕਸਾਨਪੂਰਤੀ ਕੇਂਦਰ ਨੇ ਕਰਨੀ ਹੈ ਜਦੋਂ ਕਿ ਅਜੇ ਤੱਕ ਕੇਂਦਰ ਵਲੋਂ ਪੰਜਾਬ ਨੂੰ ਜੀ. ਐੱਸ. ਟੀ. ਦਾ ਮੁਆਵਜ਼ਾ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਦਿੱਤਾ ਗਿਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਲੀ ‘ਚ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਜੋ ਧਰਨਾ ਦਿੱਤਾ ਸੀ, ਉਸ ‘ਚ ਜੀ. ਐੱਸ. ਟੀ. ਦਾ ਬਕਾਇਆ ਅਦਾ ਨਾ ਕਰਨ ਦਾ ਮੁੱਦਾ ਵੀ ਸ਼ਾਮਲ ਸੀ। ਮੁੱਖ ਮੰਤਰੀ ਇਸ ਸਬੰਧ ‘ਚ ਕੇਂਦਰੀ ਵਿੱਤ ਮੰਤਰੀ ਨੂੰ ਕਈ ਵਾਰ ਲਿਖ ਚੁੱਕੇ ਹਨ। ਉਨ੍ਹਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਕੇਂਦਰੀ ਵਿੱਤ ਮੰਤਰਾਲਾ ਦੇ ਨਾਲ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ ਸਨ।
ਅਪ੍ਰੈਲ ਤੋਂ ਅਕਤੂਬਰ ਤਕ ਜੀ. ਐੱਸ. ਟੀ. ਕੁਲੈਕਸ਼ਨ ‘ਚ ਕੋਰੋਨਾ ਦੇ ਕਾਰਨ ਆਈ ਗਿਰਾਵਟ
ਟੈਕਸੇਸ਼ਨ ਵਿਭਾਗ ਦਾ ਮੰਨਣਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਸੂਬੇ ਦੀ ਮਾਲੀ ਹਾਲਤ ਨੂੰ ਲੈ ਕੇ ਸਾਕਾਰਾਤਮਕ ਸੰਕੇਤ ਮਿਲਣ ਲੱਗੇ ਹਨ। ਆਬਕਾਰੀ ਕਮਿਸ਼ਨਰ ਦਫ਼ਤਰ ਦਾ ਮੰਨਣਾ ਹੈ ਕਿ ਅਪ੍ਰੈਲ ਤੋਂ ਅਕਤੂਬਰ 2020 ਤੱਕ ਸੂਬੇ ‘ਚ ਜੀ. ਐੱਸ. ਟੀ. ਕੁਲੈਕਸ਼ਨ 5746.48 ਕਰੋੜ ਰਹੀ ਜਦੋਂ ਕਿ ਪਿਛਲੇ ਸਾਲ ਇਸ ਮਿਆਦ ‘ਚ ਜੀ. ਐੱਸ. ਟੀ. ਕੁਲੈਕਸ਼ਨ 7719.86 ਕਰੋੜ ਸੀ। ਇਸ ਤਰ੍ਹਾਂ ਕੋਰੋਨਾ ਦੇ ਕਾਰਨ ਸੂਬੇ ਨੂੰ ਆਰਥਿਕ ਰੂਪ ‘ਚ ਲਗਭਗ 25.56 ਫ਼ੀਸਦੀ ਮਾਲੀਏ ‘ਚ ਕਮੀ ਦਾ ਨੁਕਸਾਨ ਝੱਲਣਾ ਪਿਆ ਹੈ।
News Credit :jagbani(punjabkesar)