US ‘ਚ ਭਾਰਤੀ ਸ਼ਖਸ ਦਾ ਕਤਲ, ਬੇਸੁੱਧ ਪਤਨੀ ਬੋਲੀ- ‘ਪਤੀ ਦਾ ਆਖ਼ਰੀ ਵਾਰ ਮੂੰਹ ਵਿਖਾ ਦਿਓ’

Image Courtesy :jagbani(punjabkesari)

ਹੈਦਰਾਬਾਦ— ਅਮਰੀਕਾ ਦੇ ਜਾਰਜੀਆ ‘ਚ ਰਹਿ ਰਹੇ ਇਕ 37 ਸਾਲਾ ਭਾਰਤੀ ਸ਼ਖਸ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਭਾਰਤੀ ਸ਼ਖਸ ਦਾ ਨਾਂ ਮੁਹੰਮਦ ਆਰਿਫ ਮੋਹੀਊਦੀਨ ਹੈ, ਜੋ ਕਿ ਹੈਦਰਾਬਾਦ ਦਾ ਰਹਿਣ ਵਾਲਾ ਹੈ। ਮੁਹੰਮਦ ਦੀ ਸਰੀਰ ‘ਤੇ ਹਮਲਾਵਰਾਂ ਵਲੋਂ ਚਾਕੂ ਨਾਲ ਕਈ ਵਾਰ ਕੀਤੇ ਗਏ ਹਨ। ਉਸ ਦੀ ਲਾਸ਼ ਘਰ ਦੇ ਬਾਹਰ ਪਈ ਮਿਲੀ ਸੀ। ਹਮਲਾਵਰਾਂ ਵਲੋਂ ਇਸ ਘਟਨਾ ਨੂੰ ਅੰਜ਼ਾਮ ਐਤਵਾਰ ਰਾਤ ਨੂੰ ਦਿੱਤਾ ਗਿਆ। ਮ੍ਰਿਤਕ ਮੁਹੰਮਦ ਪਿਛਲੇ 10 ਸਾਲਾਂ ਤੋਂ ਜਾਰਜੀਆ ‘ਚ ਕਰਿਆਨੇ ਦਾ ਸਟੋਰ ਚੱਲਾ ਰਿਹਾ ਸੀ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ‘ਚ ਕਰਿਆਨੇ ਦੇ ਸਟੋਰ ਵਿਚ ਹਮਲਾਵਰਾਂ ਨਾਲ ਇਕ ਕਾਮਾ ਵੀ ਨਜ਼ਰ ਆ ਰਿਹਾ ਹੈ।
ਪੀੜਤ ਪਰਿਵਾਰ ਨੇ ਅੰਤਿਮ ਸੰਸਕਾਰ ਲਈ ਸਰਕਾਰ ਨੂੰ ਗੁਹਾਰ ਲਾਈ ਹੈ। ਮੁਹੰਮਦ ਦੀ ਪਤਨੀ ਮੇਹਨਾਜ਼ ਫਾਤਿਮਾ ਨੇ ਕਿਹਾ ਕਿ ਮੈਂ ਸਰਕਾਰ ਨੂੰ ਮੇਰੇ ਅਤੇ ਮੇਰੇ ਪਿਤਾ ਦੇ ਐਮਰਜੈਂਸੀ ਵੀਜ਼ਾ ‘ਤੇ ਅਮਰੀਕਾ ਜਾਣ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ, ਤਾਂ ਕਿ ਅਸੀਂ ਉੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਸਕੀਏ। ਫਾਤਿਮਾ ਕਹਿੰਦੀ ਹੈ ਕਿ ਉਹ ਆਖ਼ਰੀ ਵਾਰ ਆਪਣੇ ਪਤੀ ਦਾ ਮੂੰਹ ਵੇਖਣਾ ਚਾਹੁੰਦੀ ਹੈ। ਇਸ ਲਈ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਹੈ।
ਮੁਹੰਮਦ ਦੀ ਪਤਨੀ ਫਾਤਿਮਾ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ ਕਰੀਬ 9 ਵਜੇ ਮੈਂ ਆਰਿਫ ਨੂੰ ਫੋਨ ਕੀਤਾ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਅੱਧੇ ਘੰਟੇ ‘ਚ ਮੁੜ ਫੋਨ ਕਰਨਗੇ। ਮੇਰੇ ਕੋਲ ਉਨ੍ਹਾਂ ਵਲੋਂ ਕੋਈ ਫੋਨ ਕਾਲ ਨਹੀਂ ਆਈ। ਇਸ ਤੋਂ ਬਾਅਦ ਪਤੀ ਦੀ ਭੈਣ ਜ਼ਰੀਏ ਮੈਨੂੰ ਪਤਾ ਲੱਗਾ ਕਿ ਅਣਪਛਾਤੇ ਹਮਲਾਵਰਾਂ ਵਲੋਂ ਮੇਰੇ ਪਤੀ ਆਰਿਫ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਆਰਿਫ ਦੀ ਲਾਸ਼ ਜਾਰਜੀਆ ਦੇ ਹਸਪਤਾਲ ਵਿਚ ਹੈ। ਉੱਥੇ ਪਰਿਵਾਰ ਦਾ ਕੋਈ ਹੋਰ ਮੈਂਬਰ ਮੌਜੂਦ ਨਹੀਂ ਹੈ।
ਓਧਰ ਸਮਾਜਿਕ ਵਰਕਰ ਅਤੇ ਸਜਲਿਸ ਬਚਾਓ ਤਹਿਰੀਕ ਦੇ ਬੁਲਾਰੇ ਅਮਜ਼ਦ ਉਲਾਹ ਖਾਨ ਨੇ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਅਮਰੀਕਾ ਵਿਚ ਭਾਰਤੀ ਦੂਤਘਰ ਨੂੰ ਪਰਿਵਾਰ ਦੀ ਮਦਦ ਲਈ ਚਿੱਠੀ ਲਿਖੀ ਹੈ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਐਮਰਜੈਂਸੀ ਵੀਜ਼ਾ ਦੇਣ ਲਈ ਹੈਦਰਾਬਾਦ ਵਿਚ ਅਮਰੀਕੀ ਵਣਜ ਦੂਤਘਰ ਨੂੰ ਵੀ ਅਪੀਲ ਕੀਤੀ ਹੈ, ਤਾਂ ਕਿ ਉਹ ਅਮਰੀਕਾ ਦੀ ਯਾਤਰਾ ਕਰ ਸਕਣ।
News Credit :jagbani(punjabkesari)