ਰਾਜਸਥਾਨ ‘ਚ ਮਾਸਕ ਪਾਉਣਾ ਜ਼ਰੂਰੀ, ਬਿੱਲ ਪਾਸ

Image Courtesy :jagbani(punjabkesari)

ਜੈਪੁਰ- ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮੱਦੇਨਜ਼ਰ ਰਾਜਸਥਾਨ ‘ਚ ਸਿਆਸੀ ਅਤੇ ਸਮਾਜਿਕ ਪ੍ਰੋਗਰਾਮਾਂ ‘ਚ ਸ਼ਾਮਲ ਹੋਣ ਦੇ ਨਾਲ-ਨਾਲ ਜਨਤਕ ਅਤੇ ਨਿੱਜੀ ਆਵਾਜਾਈ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਹੁਣ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਰਾਜ ਵਿਧਾਨ ਸਭਾ ਨੇ ਇਸ ਲਈ ਇਕ ਸੋਧ ਬਿੱਲ ਸੋਮਵਾਰ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਸਦਨ ਨੇ ਰਾਜਸਥਾਨ ਮਹਾਮਾਰੀ (ਸੋਧ) ਬਿੱਲ 2020 ਨੂੰ ਜ਼ੁਬਾਨੀ ਵੋਟ ਨਾਲ ਪਾਸ ਕੀਤਾ। ਬਿੱਲ ਦੀ ਧਾਰਾ 4 ‘ਚ ਸੋਧ ਕਰ ਕੇ ਨਵਾਂ ਪ੍ਰਬੰਧ ਜੋੜਿਆ ਗਿਆ ਹੈ। ਇਸ ਦੇ ਅਧੀਨ ਸੂਬੇ ‘ਚ ਲੋਕ ਸਥਾਨ, ਲੋਕ ਆਵਜਾਈ, ਨਿੱਜੀ ਆਵਾਜਾਈ, ਕਾਰਜ ਸਥਾਨ ਜਾਂ ਕਿਸੇ ਸਮਾਜਿਕ, ਰਾਜਨੀਤਕ, ਆਮ ਸਮਾਰੋਹ ਜਾਂ ਲੋਕਾਂ ‘ਚ ਅਜਿਹੇ ਵਿਅਕਤੀ ਨੂੰ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਹੋਵੇਗੀ, ਜਿਸ ਨੇ ਆਪਣਾ ਮੂੰਹ ਅਤੇ ਨੱਕ ਫੇਸ ਮਾਸਕ ਜਾਂ ਕਿਸੇ ਫੇਸ ਕਵਰ ਨਾਲ ਸਹੀ ਢੰਗ ਨਾਲ ਨਹੀਂ ਢੱਕਿਆ ਹੋਵੇਗਾ।
ਇਸ ਤੋਂ ਪਹਿਲਾਂ ਸਦਨ ‘ਚ ਬਿੱਲ ‘ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਸੰਸਦੀ ਕਾਰਜ ਮੰਤਰੀ ਸ਼ਾਂਤੀ ਧਾਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਵਿਰੁੱਧ ਲੜਾਈ ਨੂੰ ਆਮ ਜਨਤਾ ਦੇ ਸਹਿਯੋਗ ਨਾਲ ਹੀ ਜਿੱਤਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਜਸਥਾਨ ਨੇ ਟਵੀਟ ਕਰ ਕੇ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਮਾਸਕ ਦੀ ਜ਼ਰੂਰਤ ਤੋਂ ਲੈ ਕੇ ਕਾਨੂੰਨ ਬਣਾਉਣ ਵਾਲਾ ਰਾਜਸਥਾਨ ਦੇਸ਼ ਭਰ ‘ਚ ਪਹਿਲਾ ਸੂਬਾ ਹੋਵੇਗਾ, ਕਿਉਂਕਿ ਕੋਰੋਨਾ ਤੋਂ ਬਚਾਅ ਲਈ ਮਾਸਕ ਹੀ ਵੈਕਸੀਨ ਹੈ ਅਤੇ ਇਹੀ ਬਚਾਅ ਕਰੇਗਾ।
News Credit :jagbani(punjabkesari)