ਕਿਸਾਨਾਂ ਨੇ ਬੰਦ ਕਰਵਾਏ ਰਿਲਾਇੰਸ ਕੰਪਨੀ ਦੇ ‘ਸ਼ਾਪਿੰਗ ਮਾਲ’, ਵੱਡਾ ਐਲਾਨ ਕਰਦਿਆਂ ਲਾਇਆ ਧਰਨਾ

Image Courtesy :jagbani(punjabkesari)

ਲੁਧਿਆਣਾ : ਖੇਤੀਬਾੜੀ ਕਾਨੂੰਨਾਂ ਖਿਲਾਫ਼ ਲੜਾਈ ਲੜ ਰਹੇ ਅੰਦੋਲਨਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਬੇਰੁੱਖੀ ਖ਼ਿਲਾਫ਼ ਵੱਡਾ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਰਿੰਲਾਇਸ ਕੰਪਨੀ ਦੇ ਟਰੈਂਡਜ਼ ਸਾਪਿੰਗ ਮਾਲ ਬੰਦ ਕਰਵਾਉਂਦੇ ਹੋਏ ਇਨ੍ਹਾਂ ਮਾਲਜ਼ ਅੱਗੇ ਧਰਨੇ ਸ਼ੁਰੂ ਕਰ ਦਿੱਤੇ ਹਨ।
ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇੱਕਠੇ ਹੋਏ ਕਿਸਾਨਾਂ ਨੇ ਲੁਧਿਆਣਾ ਦੇ ਜਮਾਲਪੁਰ ਵਿਖੇ ਰਿੰਲਾਇਸ ਕੰਪਨੀ ਦੇ ਸੱਭ ਤੋਂ ਵੱਡੇ ਗਾਰਮੈਂਟ ਸ਼ਾਪਿਗ ਮਾਲ ‘ਟਰੈਂਡਜ਼’ ਨੂੰ ਬੰਦ ਕਰਵਾ ਦਿੱਤਾ ਅਤੇ ਉੱਥੇ ਭਾਰੀ ਨਾਅਰੇਬਾਜ਼ੀ ਕਰਦੇ ਹੋਏ ਮਾਲ ਦੇ ਬਾਹਰ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਦੇ ਹੋਏ ਐਲਾਨ ਕੀਤਾ ਕਿ ਰਿੰਲਾਇਸ ਕੰਪਨੀ ਦੇ ਕਿਸੇ ਵੀ ਸ਼ਾਪਿੰਗ ਮਾਲ ਨੂੰ ਪੰਜਾਬ ‘ਚ ਖੁੱਲ੍ਹਣ ਨਹੀਂ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਕਿਸਾਨ ਜੱਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੇ ਸਮਰਾਲਾ ਵਿਖੇ ਵੀ ਰਿੰਲਾਇਸ ਦੇ ‘ਟਰੈਂਡਜ਼’ ਸ਼ਾਪਿਗ ਮਾਲ ਅੱਗੇ ਭਾਰੀ ਨਾਅਰੇਬਾਜ਼ੀ ਕਰਦੇ ਹੋਏ ਇਸ ਨੂੰ ਬੰਦ ਕਰਵਾ ਦਿੱਤਾ। ਤਿਓਹਾਰਾਂ ਦੇ ਸੀਜ਼ਨ ‘ਚ ਕਿਸਾਨਾਂ ਵੱਲੋਂ ਸ਼ਾਪਿੰਗ ਮਾਲਜ਼ ਬੰਦ ਕਰਵਾਏ ਜਾਣ ਦੀ ਆਰੰਭੀ ਗਈ ਇਸ ਮੁਹਿੰਮ ਨੇ ਰਿੰਲਾਇਸ ਕੰਪਨੀ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਅਤੇ ਦੀਵਾਲੀ ਸੀਜ਼ਨ ’ਚ ਕੰਪਨੀ ਦੀ ਸੇਲ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਓਧਰ ਧਰਨੇ ’ਤੇ ਬੈਠੇ ਕਿਸਾਨ ਆਗੂਆਂ ਹਰਦੀਪ ਸਿੰਘ ਗਿਆਸਪੁਰਾ, ਬੂਟਾ ਸਿੰਘ ਰਾਏਪੁਰ, ਹਰਪ੍ਰੀਤ ਸਿੰਘ ਭੰਗਲਾ, ਸੰਦੀਪ ਸਿੰਘ ਦਿਆਲਪੁਰਾ ਅਤੇ ਨੇਤਰ ਸਿੰਘ ਰੋਹਲੇ ਆਦਿ ਨੇ ਕਿਹਾ ਕਿ ਕਿਸਾਨ ਆਪਣਾ ਸੰਘਰਸ਼ ਜਾਰੀ ਰੱਖਦੇ ਹੋਏ ਕੇਂਦਰ ਸਰਕਾਰ ਨੂੰ ਖੇਤੀ ਬਿੱਲ ਵਾਪਸ ਲੈਣ ਲਈ ਮਜ਼ਬੂਰ ਕਰੇਗਾ।
News Credit :jagbani(punjabkesari)