ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਕੇਸ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, 7 ਮੁਲਜ਼ਮ ਗ੍ਰਿਫ਼ਤਾਰ

Image Courtesy :jagbani(punjabkesari)

ਤਰਨਤਾਰਨ : ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਬਾਬਤ ਗੁੱਥੀ ਨੂੰ ਜ਼ਿਲ੍ਹਾ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਭਾਵੇਂ ਇਸ ਸਬੰਧੀ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਹੈ ਪ੍ਰੰਤੂ ਪੁਲਸ ਨੇ ਇਸ ਕਤਲ ‘ਚ ਸ਼ਾਮਲ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਘਟਨਾ ‘ਚ ਵਰਤਿਆ ਗਿਆ ਮੋਟਰ ਸਾਈਕਲ ਵੀ ਦਰਿਆ ‘ਚੋਂ ਬਰਾਮਦ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜੇਲ ‘ਚੋਂ ਲਿਆਂਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਪਾਸੋਂ ਕੀਤੀ ਗਈ ਪੁੱਛਗਿਛ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਜਿਸ ‘ਚ ਜੱਗੂ ਦਾ ਕੀ ਰੋਲ ਰਿਹਾ ਹੈ ਇਹ ਪੁਲਸ ਮੰਗਲਵਾਰ ਨੂੰ ਹੋਣ ਵਾਲੀ ਪ੍ਰੈੱਸ ਕਾਨਫਰੈਂਸ ‘ਚ ਹੀ ਸਹੀ ਦੱਸ ਪਾਏਗੀ।
ਜਾਣਕਾਰੀ ਅਨੁਸਾਰ 16 ਅਕਤੂਬਰ ਦੀ ਸਵੇਰ ਕਸਬਾ ਭਿੱਖੀਵਿੰਡ ਵਿਖੇ ਆਪਣੇ ਘਰ ‘ਚ ਮੌਜੂਦ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਦੋ ਮੋਟਰ ਸਾਈਕਲ ‘ਤੇ ਸਵਾਰ ਹੋ ਆਏ ਨੌਜਵਾਨਾਂ ਵਲੋਂ ਗੋਲੀਆਂ ਮਾਰਦੇ ਹੋਏ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਸ ਦੀ ਇਸ ਕੇਸ ਨੂੰ ਟ੍ਰੇਸ ਕਰਨ ਲਈ ਨੀਂਦ ਹਰਾਮ ਹੋ ਗਈ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜ਼ਿਲਾ ਪੁਲਸ ਨੇ ਇਸ ਕੇਸ ਦੀ ਗੁੱਥੀ ਨੂੰ ਅੱਜ 18 ਦਿਨਾਂ ਬਾਅਦ ਸੁਲਝਾਉਣ ‘ਚ ਵੱਡੀ ਸਫਲਤਾ ਹਾਸਲ ਕਰ ਲਈ ਹੈ। ਜਿਸ ਤਹਿਤ ਪੁਲਸ ਨੇ ਕੁੱਲ 7 ਮੁਲਜ਼ਮਾਂ ਜਿੰਨ੍ਹਾਂ ‘ਚ ਪ੍ਰਭਜੀਤ ਸਿੰਘ ਵਾਸੀ ਲੁਧਿਆਣਾ, ਅਕਾਸ਼ਦੀਪ ਧਾਰੀਵਾਲ ਪੁੱਤਰ ਕਮਲ ਅਰੋੜਾ ਵਾਸੀ ਸਲੇਮ ਟਾਵਰੀ ਲੁਧਿਆਣਾ, ਚਾਂਦ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਅਸ਼ੋਕ ਨਗਰ ਲੁਧਿਆਣਾ, ਰਵਿੰਦਰ ਕੁਮਾਰ ਰਵੀ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਲੁਧਿਆਣਾ, ਰਵਿੰਦਰ ਸਿੰਘ ਉਰਫ ਰਵੀ ਢਿੱਲੋਂ ਵਾਸੀ ਸਲੇਮ ਟਾਵਰੀ ਲੁਧਿਆਣਾ, ਰਵਿੰਦਰ ਸਿੰਘ ਗਿਆਨਾ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਖਰਲ ਜ਼ਿਲਾ ਗੁਰਦਾਸਪੁਰ ਅਤੇ ਸੁਖਰਾਜ ਸਿੰਘ ਉਰਫ ਸੁੱਖਾ ਵਾਸੀ ਪਿੰਡ ਲਖਣਪਾਲ ਜ਼ਿਲਾ ਗੁਰਦਾਸਪੁਰ ਸ਼ਾਮਲ ਹਨ ਨੂੰ ਗ੍ਰਿਫਤਾਰ ਕਰ ਮਾਣਯੋਗ ਜੱਜ ਮਨੀਸ਼ ਗਰਗ ਦੀ ਅਦਾਲਤ ‘ਚ ਪੇਸ਼ ਕਰ 5 ਨਵੰਬਰ ਤੱਕ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।
ਜਦਕਿ ਕਤਲ ਕਰਨ ਲਈ ਘਰ ਪੁੱਜੇ ਸੁਖਦੀਪ ਸਿੰਘ ਉਰਫ ਬੂਰਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਖਰਲ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ ਭਾਅ ਪੁੱਤਰ ਹਰਭਜਨ ਸਿੰਘ ਵਾਸੀ ਲੱਖਣ ਪਾਲ ਪੁਰਾਣਾ ਸ਼ਾਲਾ ਜ਼ਿਲਾ ਗੁਰਦਾਸਪੁਰ ਪੁਲਸ ਗ੍ਰਿਫਤ ਤੋਂ ਬਾਹਰ ਹਨ।ਪੁਲਸ ਸਬ ਡਵੀਜ਼ਨ ਭਿੱਖੀਵਿੰਡ ਦੀ ਪੁਲਸ ਨੇ ਇਸ ਕੇਸ ਨੂੰ ਪੂਰੀ ਮਿਹਨਤ ਨਾਲ ਹੱਲ ਕਰਦੇ ਹੋਏ ਸਤਲੁਜ ਦਰਿਆ ‘ਚੋਂ ਵਾਰਦਾਤ ਲਈ ਵਰਤਿਆ ਗਿਆ ਪਲਸਰ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ ਜੋ ਮੁਲਜ਼ਮਾਂ ਨੇ ਤੋੜ ਭੰਨ ਕੇ ਸੁੱਟ ਦਿੱਤਾ ਸੀ।
News Credit :jagbani(punjabkesari)