Image Courtesy :jagbani(punjabkesari)

ਕੇਵੜੀਆ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 145ਵੀਂ ਜਯੰਤੀ ‘ਤੇ ਉਨ੍ਹਾਂ ਨੂੰ ਗੁਜਰਾਤ ਦੇ ਕੇਵੜੀਆ ‘ਚ ‘ਸਟੈਚੂ ਆਫ਼ ਯੂਨਿਟੀ’ ‘ਤੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਟੈਚੂ ਆਫ਼ ਯੂਨਿਟੀ ‘ਤੇ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਵੀ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟੇਲ ਦੀ ਜਯੰਤੀ ‘ਤੇ ‘ਰਾਸ਼ਟਰੀ ਏਕਤਾ ਦਿਵਸ’ ਪਰੇਡ ‘ਚ ਸਲਾਮੀ ਲਈ ਅਤੇ ਨਿਰੀਖਣ ਕੀਤਾ। ਸਟੈਚੂ ਆਫ਼ ਯੂਨਿਟੀ ‘ਤੇ ਆਯੋਜਿਤ ਪ੍ਰੋਗਰਾਮ ਵਿਚ ਮੋਦੀ ਨੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ ਸਾਡੇ ਸਾਰਿਆਂ ਲਈ ਸਰਵਉੱਚ ਹਿੱਤ ਦੇਸ਼ ਹਿੱਤ ਹੈ। ਜਦੋਂ ਅਸੀਂ ਸਾਰਿਆਂ ਦਾ ਹਿੱਤ ਸੋਚਾਂਗੇ ਤਾਂ ਸਾਡੀ ਵੀ ਤਰੱਕੀ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਅਜਿਹੇ ਸਿਆਸੀ ਦਲਾਂ ਨੂੰ ਬੇਨਤੀ ਕਰਾਂਗਾ ਕਿ ਦੇਸ਼ ਦੀ ਸੁਰੱਖਿਆ ਦੇ ਹਿੱਤ ਵਿਚ ਸਾਡੇ ਸੁਰੱਖਿਆ ਦਸਤਿਆਂ ਦੇ ਹੌਂਸਲੇ ਲਈ ਕ੍ਰਿਪਾ ਕਰ ਕੇ ਅਜਿਹੀ ਰਾਜਨੀਤੀ ਨਾ ਕਰਨ। ਅਜਿਹੀਆਂ ਚੀਜ਼ਾਂ ਤੋਂ ਬਚੋ, ਆਪਣੇ ਸਵਾਰਥ ਲਈ, ਜਾਣੇ-ਅਣਜਾਣੇ ਤੁਸੀਂ ਦੇਸ਼ ਵਿਰੋਧੀ ਤਾਕਤਾਂ ਦੀ ਹੱਥਾਂ ‘ਚ ਖੇਡ ਕੇ, ਨਾ ਦੇਸ਼ ਦਾ ਹਿੱਤ ਕਰ ਸਕੋਗੇ ਅਤੇ ਨਾ ਹੀ ਆਪਣੇ ਦਲ ਦਾ। ਅੱਜ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਅੱਤਵਾਦ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ ਹੈ। ਅੱਤਵਾਦ ਅਤੇ ਹਿੰਸਾ ਨਾਲ ਕਿਸੇ ਨੂੰ ਫਾਇਦਾ ਨਹੀਂ ਹੋ ਸਕਦਾ। ਭਾਰਤ ਨੇ ਹਮੇਸ਼ਾ ਅੱਤਵਾਦ ਖ਼ਿਲਾਫ਼ ਲੜਾਈ ਲੜੀ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਬੀਤੇ ਸਾਲ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਹਮਲੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਕਦੇ ਭੁੱਲ ਨਹੀਂ ਸਕਦਾ ਕਿ ਜਦੋਂ ਆਪਣੇ ਵੀਰ ਪੁੱਤਰਾਂ ਦੇ ਜਾਨ ਨਾਲ ਪੂਰਾ ਦੇਸ਼ ਦੁਖੀ ਸੀ। ਦੇਸ਼ ਭੁੱਲ ਨਹੀਂ ਸਕਦਾ ਕਿ ਕਿਹੋ ਜਿਹੀਆਂ ਗੱਲਾਂ ਕਹੀਆਂ ਗਈਆਂ। ਕਿਹੋ ਜਿਹੇ ਬਿਆਨ ਦਿੱਤੇ ਗਏ। ਜਦੋਂ ਦੇਸ਼ ਨੂੰ ਇੰਨਾ ਵੱਡੀ ਸੱਟ ਲੱਗੀ ਤਾਂ ਸਵਾਰਥ ਦੀ ਭੱਦੀ ਸਿਆਸਤ ਸਿਖਰ ‘ਤੇ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੇ ਦਿਲ ‘ਤੇ ਵੀਰ ਸ਼ਹੀਦਾਂ ਦਾ ਡੂੰਘਾ ਜ਼ਖਮ ਸੀ ਪਰ ਪਿਛਲੇ ਦਿਨੀਂ ਗੁਆਂਢੀ ਦੇਸ਼ ਤੋਂ ਜੋ ਖ਼ਬਰਾਂ ਆਈਆਂ ਹਨ, ਜਿਸ ‘ਤੇ ਉੱਥੋਂ ਦੀ ਸੰਸਦ ਨੇ ਸੱਚ ਸਵੀਕਾਰ ਕੀਤਾ ਹੈ, ਉਸ ਨੇ ਇਨ੍ਹਾਂ ਲੋਕਾਂ ਦੇ ਅਸਲੀ ਚਿਹਰਿਆਂ ਨੂੰ ਦੇਸ਼ ਦੇ ਸਾਹਮਣੇ ਲਿਆ ਦਿੱਤਾ। ਚੀਨ ਦਾ ਨਾਮ ਲਏ ਬਿਨਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਭਾਰਤ ਦਾ ਉਸ ਦੀਆਂ ਸਰਹੱਦਾਂ ਲਈ ਨਜ਼ਰ ਅਤੇ ਨਜ਼ਰੀਆ ਦੋਵੇਂ ਬਦਲ ਗਏ ਹਨ। ਅੱਜ ਦਾ ਭਾਰਤ ਸਰਹੱਦ ‘ਤੇ ਸੜਕਾਂ, ਪੁਲ ਬਣਾ ਰਿਹਾ ਹੈ। ਅੱਜ ਭਾਰਤ ਦੀ ਜ਼ਮੀਨ ‘ਤੇ ਨਜ਼ਰ ਚੁੱਕਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਮਿਲ ਰਿਹਾ ਹੈ। ਅੱਜ ਦਾ ਭਾਰਤ ਸਰਹੱਦਾਂ ‘ਤੇ ਸੈਂਕੜੇ ਕਿਲੋਮੀਟਰ ਲੰਬੀਆਂ ਸੜਕਾਂ ਬਣਾ ਰਿਹਾ ਹੈ।
News Credit :jagbani(punjabkesari)