ਦੁਸਹਿਰੇ ‘ਤੇ ਪੰਜਾਬ ‘ਚ ਸੜੇ PM ਮੋਦੀ ਦੇ ਪੁਤਲੇ, ਨੱਢਾ ਨੇ ਰਾਹੁਲ ਨੂੰ ਠਹਿਰਾਇਆ ਜ਼ਿੰਮੇਵਾਰ

Image Courtesy :jagbani(punjabkesari)

ਨਵੀਂ ਦਿੱਲੀ- ਪੰਜਾਬ ‘ਚ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਖੌਟਾ ਲਗਾ ਕੇ ਸਾੜਨ ਦੇ ਮਾਮਲੇ ‘ਚ ਘਮਾਸਾਨ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਇਸ ਦੇ ਪਿੱਛੇ ਕਾਂਗਰਸ ਦੀ ਸਾਜਿਸ਼ ਦੱਸੀ ਹੈ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਪੰਜਾਬ ‘ਚ ਜੋ ਕੁਝ ਵੀ ਹੋ ਰਿਹਾ ਹੈ ਕਿ ਉਹ ਰਾਹੁਲ ਗਾਂਧੀ ਦੇ ਇਸ਼ਾਰਿਆਂ ‘ਤੇ ਕੀਤਾ ਜਾ ਰਿਹਾ ਹੈ। ਨੱਢਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਸ਼ਰਮਨਾਕ ਹੈ ਪਰ ਇਹ ਸਭ ਅਚਾਨਕ ਨਹੀਂ ਹੋਇਆ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਦੇ ਕਿਹਾ ਸੀ ਕਿ ਕੱਲ ਪੰਜਾਬ ‘ਚ ਹੋਇਆ ਉਹ ਦੁਖਦ ਹੈ। ਪ੍ਰਧਾਨ ਮੰਤਰੀ ਦੇ ਪ੍ਰਤੀ ਪੰਜਾਬ ਦੇ ਕਿਸਾਨਾਂ ‘ਚ ਗੁੱਸਾ ਵਧਦਾ ਜਾ ਰਿਹਾ ਹੈ। ਇਹ ਇਕ ਖਤਰਨਾਕ ਮਿਸਾਲ ਹੈ ਅਤੇ ਦੇਸ਼ ਲਈ ਚੰਗਾ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਕੋਲ ਜਾਣਾ ਚਾਹੀਦਾ, ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਦੇਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਪੰਜਾਬ ‘ਚ ਕੁਝ ਲੋਕਾਂ ਨੇ ਰਾਵਣ ਦੇ ਪੁਤਲੇ ‘ਚ ਪੀ.ਐੱਮ. ਮੋਦੀ ਦਾ ਮੁਖੌਟਾ ਲਗਾ ਕੇ ਉਸ ‘ਚ ਅੱਗ ਲਗਾ ਦਿੱਤੀ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਜਪਾ ਕਾਂਗਰਸ ‘ਤੇ ਹਮਲਾਵਰ ਹੋ ਗਈ ਹੈ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਪੰਜਾਬ ‘ਚ ਪੀ.ਐੱਮ. ਮੋਦੀ ਦਾ ਪੁਤਲਾ ਸਾੜਨ ਦਾ ਸ਼ਰਮਨਾਕ ਡਰਾਮਾ ਰਾਹੁਲ ਗਾਂਧੀ ਵਲੋਂ ਨਿਰਦੇਸ਼ਿਤ ਹੈ ਪਰ ਉਨ੍ਹਾਂ ਨੂੰ ਅਜਿਹੀ ਹੀ ਉਮੀਦ ਸੀ। ਉਨ੍ਹਾਂ ਨੇ ਕਿਹਾ ਕਿ ਨਹਿਰੂ ਅਤੇ ਗਾਂਧੀ ਪਰਿਵਾਰ ਨੇ ਕਦੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਆਦਰ ਨਹੀਂ ਕੀਤਾ। 2004-2014 ਦਰਮਿਆਨ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਸੀ, ਜਦੋਂ ਯੂ.ਪੀ.ਏ. ਦੇ ਸ਼ਾਸਨਕਾਲ ‘ਚ ਪੀ.ਐੱਮ. ਅਹੁਦੇ ਨੂੰ ਸੰਸਥਾਗਤ ਤਰੀਕੇ ਨਾਲ ਕਮਜ਼ੋਰ ਕੀਤਾ ਗਿਆ ਸੀ।
News Credit :jagbani(punjabkesari)