ਪਾਵਰਕਾਮ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ, ਕਿਸਾਨਾਂ ਨੇ ਫਿਰ ਦਿੱਤਾ ਵੱਡਾ ਝਟਕਾ

Image Courtesy :jagbani(punjabkesari)

ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵਲੋਂ ਪ੍ਰਾਈਵੇਟ ਪਲਾਂਟਾਂ ਲਈ ਕੋਲੇ ਦੀ ਸਪਲਾਈ ਬਹਾਲ ਹੋਣ ‘ਤੇ ਬਿਜਲੀ ਉਤਪਾਦਨ ਦਾ ਕੰਮ ਆਮ ਵਾਂਗ ਹੋਣ ਦੀ ਲਾਈ ਆਸ ‘ਤੇ ਉਦੋਂ ਪਾਣੀ ਫਿਰ ਗਿਆ ਜਦੋਂ ਕਿਸਾਨ ਯੂਨੀਅਨ ਉਗਰਾਹਾਂ ਨੇ ਸੂਬੇ ਦੇ ਤਿੰਨੇ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਰੋਕਣ ਦਾ ਐਲਾਨ ਕਰ ਦਿੱਤਾ। ਯੂਨੀਅਨ ਦੇ ਮੈਂਬਰਾਂ ਨੇ ਤਲਵੰਡੀ ਸਾਬੋ ‘ਚ ਸਪਲਾਈ ਰੋਕ ਦਿੱਤੀ ਹੈ, ਜਦਕਿ ਰਾਜਪੁਰਾ ਸਥਿਤ ਪਲਾਂਟ ਦੀ ਸਪਲਾਈ ਭਲਕੇ ਤੋਂ ਰੋਕੀ ਜਾ ਰਹੀ ਹੈ।
ਕਿਸਾਨ ਯੂਨੀਅਨ ਦਾ ਇਹ ਨਵਾਂ ਐਲਾਨ ਪਾਵਰਕਾਮ ਲਈ ਵੱਡਾ ਝਟਕਾ ਹੈ ਕਿਉਂਕਿ ਕੱਲ ਕੋਲੇ ਦੀ ਸਪਲਾਈ ਬਹਾਲ ਹੋਣ ਤੋਂ ਬਾਅਦ ਰਾਜਪੁਰਾ ਦਾ ਦੂਜਾ ਯੂਨਿਟ ਅੱਜ ਸਵੇਰੇ ਚੱਲ ਗਿਆ ਸੀ। ਤਲਵੰਡੀ ਸਾਬੋ ਅਤੇ ਗੋਇੰਦਵਾਲ ਪਲਾਂਟ ਚੱਲ ਗਏ ਹਨ, ਜਿਸ ਨੂੰ ਦੇਖਦਿਆਂ ਪਾਵਰਕਾਮ ਨੇ ਕੱਲ ਸ਼ਾਮ ਪਹਿਲਾਂ ਰੋਪੜ ਪਲਾਂਟ ਅਤੇ ਦੇਰ ਰਾਤ ਲਹਿਰਾ ਮੁਹੱਬਤ ਪਲਾਂਟ ਬੰਦ ਕਰ ਦਿੱਤਾ ਗਿਆ ਸੀ।
ਤਾਜ਼ਾ ਹਾਲਾਤ ਇਹ ਹਨ ਕਿ ਤਿੰਨੇ ਪ੍ਰਾਈਵੇਟ ਥਰਮਲ ਪਲਾਂਟਾਂ ‘ਚ ਇਕ-ਇਕ ਦਿਨ ਤੋਂ ਵੀ ਘੱਟ ਕੋਲਾ ਹੈ। ਜੇਕਰ ਕੋਲੇ ਦੀ ਸਪਲਾਈ ਫੌਰੀ ਤੌਰ ‘ਤੇ ਬਹਾਲ ਨਾ ਹੋਈ ਤਾਂ ਇਹ ਪਲਾਂਟ ਇਕ-ਅੱਧੇ ਦਿਨ ਦੇ ਮਿਆਦ ‘ਚ ਫਿਰ ਤੋਂ ਬੰਦ ਹੋ ਸਕਦੇ ਹਨ। ਦੂਜੇ ਪਾਸੇ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਉਹ ਸਰਕਾਰੀ ਥਰਮਲ ਪਲਾਂਟਾਂ ਦੀ ਕੋਲੇ ਦੀ ਸਪਲਾਈ ਨਹੀਂ ਰੋਕੇਗੀ। ਰੋਪੜ ਪਲਾਂਟ ‘ਚ ਇਸ ਵੇਲੇ ਸਾਢੇ 5 ਦਿਨ ਅਤੇ ਲਹਿਰਾ ਮੁਹੱਬਤ ਪਲਾਂਟ ‘ਚ ਸਾਢੇ 3 ਦਿਨ ਦਾ ਕੋਲ ਭੰਡਾਰ ਪਿਆ ਹੈ।
ਸਰਕਾਰੀ ਥਰਮਲਾਂ ਤੋਂ ਬਹੁਤ ਮਹਿੰਗਾ ਪੈਂਦਾ ਹੈ ਬਿਜਲੀ ਦਾ ਉਤਪਾਦਨ
ਬੀ. ਕੇ. ਯੂ. ਉਗਰਾਹਾਂ ਇਹ ਕਹਿ ਰਹੇ ਹਨ ਕਿ ਉਹ 2 ਰਾਜਾਂ ਦੇ ਮਲਕੀਅਤ ਵਾਲੇ ਥਰਮਲ ਪਾਵਰ ਪਲਾਂਟਾਂ ਕੋਲ ਕੋਲੇ ਦੇ ਰੈਕਾਂ ਦੀ ਆਵਾਜਾਈ ਨੂੰ ਨਹੀਂ ਰੋਕਣਗੇ। ਅਗਸਤ ਦੇ ਮਹੀਨੇ ਲਈ ਸਟੇਟ ਲੋਡ ਡਿਸਪੈਚ ਸੈਂਟਰ ਦੀ ਵੈੱਬਸਾਈਟ ‘ਤੇ ਪੋਸਟ ਕੀਤਾ ਗਿਆ ਹੈ ਕਿ ਸੂਬੇ ਦੇ ਥਰਮਲ ਪਾਵਰ ਪਲਾਂਟਾਂ ਦੀ ਤੁਲਨਾ ‘ਚ ਨਿੱਜੀ ਥਰਮਲ ਪਾਵਰ ਪਲਾਂਟਾਂ ਤੋਂ ਬਿਜਲੀ ਬਹੁਤ ਸਸਤੀ ਹੈ। ਐੱਮ. ਓ. ਡੀ. ਦਰਸ਼ਾਉਂਦੀ ਹੈ ਕਿ ਰੋਪੜ ਤੋਂ ਪਾਵਰ ਦੀ ਕੀਮਤ 4.10 ਰੁਪਏ ਹੈ। ਲਹਿਰਾ ਮੁਹੱਬਤ ਤੋਂ ਬਿਜਲੀ ਦੀ ਕੀਮਤ 4.19 ਰੁਪਏ ਹੈ। ਰਾਜਪੁਰਾ ਥਰਮਲ ਪਾਵਰ ਪਲਾਂਟ ਤੋਂ ਬਿਜਲੀ ਦੀ ਕੀਮਤ ਪੀ. ਐੱਸ. ਪੀ. ਸੀ. ਐੱਲ. 2.91 ਰੁਪਏ ਹੈ, ਤਲਵੰਡੀ ਸਾਬੋ ਤੋਂ ਇਸ ਦੀ ਕੀਮਤ 3.32 ਹੈ ਅਤੇ ਜੀਵੀਕੇ ਤੋਂ ਬਿਜਲੀ ਦੀ ਲਾਗਤ 3.76 ਹੈ। ਰਾਸ਼ਟਰੀ ਗਰਿੱਡ ਤੋਂ ਬਿਜਲੀ ਖਰੀਦਣਾ ਵੀ ਇਕ ਸਸਤਾ ਪ੍ਰਸਤਾਵ ਨਹੀਂ ਹੈ ਕਿਉਂਕਿ ਓਵਰ ਡ੍ਰਾਲ ਉੱਤੇ ਬਿਜਲੀ ਅਤੇ ਇਸ ਨਾਲ ਜੁੜੇ ਟੈਕਸਾਂ ਦੀ ਅਸਲ ਲਾਗਤ ਤੋਂ ਉੱਪਰ 12.25 ਰੁਪਏ ਪ੍ਰਤੀ ਯੂਨਿਟ ਦਾ ਜ਼ੁਰਮਾਨਾ ਲਾਇਆ ਜਾਂਦਾ।
News Credit :jagbani(punjabkesari)