ਦਿੱਲੀ ‘ਚ ਸਨਸਨੀਖੇਜ਼ ਵਾਰਦਾਤ; 18 ਸਾਲਾ ਮੁੰਡੇ ਦਾ ਕੁੱਟ-ਕੁੱਟ ਕੇ ਕਤਲ

Image Courtesy :jagbani(punjabkesari)

ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਦਰਸ਼ ਨਗਰ ‘ਚ ਹਾਰਰ ਕਿਲਿੰਗ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਾਬਾਲਗ ਭੈਣ ਨਾਲ ਪ੍ਰੇਮ ਸੰਬੰਧ ਹੋਣ ‘ਤੇ ਦੋਸ਼ੀ ਭਰਾ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਭੈਣ ਦੇ ਪ੍ਰੇਮੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਰਾਹੁਲ (18) ਦੇ ਰੂਪ ਵਿਚ ਹੋਈ ਹੈ। ਉਹ ਬੀ. ਏ. ਸੈਕਿੰਡ ਈਅਰ ਦਾ ਵਿਦਿਆਰਥੀ ਸੀ ਅਤੇ ਟਿਊਸ਼ਨ ਪੜ੍ਹਾਇਆ ਕਰਦਾ ਸੀ। ਆਪਣੇ ਹੀ ਇਲਾਕੇ ਤੋਂ ਕੁਝ ਹੀ ਦੂਰੀ ‘ਤੇ ਜਹਾਂਗੀਰਪੁਰੀ ਦੇ ਰਹਿਣ ਵਾਲੀ ਕੁੜੀ ਨਾਲ ਰਾਹੁਲ ਦੇ ਪ੍ਰੇਮ ਸੰਬੰਧ ਸਨ। ਜਦੋਂ ਇਸ ਬਾਰੇ ਕੁੜੀ ਦੇ ਭਰਾ ਅਤੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਰਾਹੁਲ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।
ਪੁਲਸ ਨੇ ਮਾਮਲੇ ‘ਚ ਤੁਰੰਤ ਕਾਰਵਾਈ ਕਰਦੇ ਹੋਏ ਕੁੜੀ ਦੇ ਭਰਾ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਦੋਸ਼ੀਆਂ ਵਿਚ ਦੋ ਬਾਲਗ ਹਨ, ਜਿਨ੍ਹਾਂ ਦੀ ਪਹਿਚਾਣ ਮੁਹੰਮਦ ਅਫਰੋਜ਼ ਅਤੇ ਮੁਹੰਮਦ ਰਾਜ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਰਾਹੁਲ ਆਪਣੇ ਪਰਿਵਾਰ ਵਾਲਿਆਂ ਨਾਲ ਆਦਰਸ਼ ਨਗਰ ਮੂਲਚੰਦ ਕਾਲੋਨੀ ਵਿਚ ਰਹਿੰਦਾ ਸੀ। ਉਸ ਦਾ ਪਿਛਲੇ ਕਰੀਬ 5 ਮਹੀਨੇ ਤੋਂ ਜਹਾਂਗੀਰਪੁਰੀ ਵਿਚ ਰਹਿਣ ਵਾਲੀ 16 ਸਾਲ ਦੀ ਕੁੜੀ ਨਾਲ ਪ੍ਰੇਮ ਸੰਬੰਧ ਸਨ। ਜਦੋਂ ਕੁੜੀ ਦੇ ਭਰਾ ਅਤੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ।
ਸੂਤਰਾਂ ਦੀ ਮੰਨੀਏ ਤਾਂ ਵਿਰੋਧ ਕਰਨ ‘ਤੇ ਰਾਹੁਲ ਨੇ ਕੁੜੀ ਦੇ ਭਰਾ ਨਾਲ ਕੁੱਟਮਾਰ ਕੀਤੀ ਸੀ। ਬਦਲਾ ਲੈਣ ਲਈ ਕੁੜੀ ਦੇ ਭਰਾ ਨੇ ਹੋਰਨਾਂ ਨਾਲ ਮਿਲ ਕੇ ਰਾਹੁਲ ‘ਤੇ ਆਦਰਸ਼ ਨਗਰ ਇਲਾਕੇ ਵਿਚ ਗੰਦੇ ਨਾਲੇ ਕੋਲ ਹਮਲਾ ਕਰ ਦਿੱਤਾ। ਰਾਹੁਲ ਨੂੰ ਕਾਫੀ ਸੱਟਾਂ ਲੱਗੀਆਂ। ਰਾਹੁਲ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਹ ਇਲਾਜ ਮਗਰੋਂ ਘਰ ਪਰਤ ਆਇਆ ਪਰ ਰਾਤ ਦੇ ਸਮੇਂ ਮੁੜ ਤਕਲੀਫ਼ ਹੋਣ ਕਾਰਨ ਉਸ ਨੂੰ ਤੁਰੰਤ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਰਾਹੁਲ ਨੂੰ ਕੁੱਟਮਾਰ ਦੌਰਾਨ ਅੰਦਰੂਨੀ ਸੱਟਾਂ ਲੱਗੀਆਂ ਸਨ। ਪੁਲਸ ਨੇ ਮਾਮਲੇ ਵਿਚ ਕਤਲ ਦਾ ਮੁਕੱਦਮਾ ਦਰਜ ਕਰ ਕੇ ਏ. ਸੀ. ਪੀ. ਸੰਜੈ ਕੁਮਾਰ ਦੀ ਅਗਵਾਈ ਵਿਚ ਐੱਸ. ਐੱਚ. ਓ. ਆਦਰਸ਼ ਨਗਰ ਕੁਮਾਰ ਦੀ ਟੀਮ ਨੇ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿ੍ਰਫ਼ਤਾਰ ਕਰ ਲਿਆ ਅਤੇ ਅੱਗੇ ਦੀ ਜਾਂਚ ਜਾਰੀ ਹੈ।
News Credit :jagbani(punjabkesari)