Image Courtesy :jagbani(punjabkesari)

ਬੌਲੀਵੁਡ ਅਦਾਕਾਰ ਬੌਬੀ ਦਿਓਲ ਦੇ ਸਿਤਾਰੇ ਇਨ੍ਹੀਂ ਦਿਨੀਂ ਉੱਚਾਈਆਂ ਛੂਹ ਰਹੇ ਹਨ। ਉਸ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ ਆਸ਼ਰਮ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਿੰਦੀ ਸਿਨੇਮਾ ਸੁਪਰਸਟਾਰ ਧਰਮਿੰਦਰ ਦਾ ਬੇਟਾ ਬੌਬੀ ਦਿਓਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਘੱਟ ਗੱਲ ਕਰਦਾ ਹੈ, ਪਰ ਹਾਲ ਹੀ ਵਿੱਚ ਆਪਣੀ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਦੇ ਕਈ ਪਹਿਲੂਆਂ ਬਾਰੇ ਗੱਲ ਕੀਤੀ।
ਬੌਬੀ ਦਿਓਲ ਨੇ ਆਪਣੀ ਇੰਟਰਵਿਊ ‘ਚ ਕਿਹਾ ਸੀ ਕਿ ਉਹ ਆਪਣੇ ਪਿਤਾ ਧਰਮਿੰਦਰ ਦਾ ਬਹੁਤ ਸਤਿਕਾਰ ਕਰਦੈ, ਪਰ ਉਨ੍ਹਾਂ ਵਿਚਕਾਰ ਦੂਰੀਆਂ ਹਨ। ਉਸ ਨੇ ਕਿਹਾ, ”ਜਦੋਂ ਅਸੀਂ ਦੋਵੇਂ ਭਰਾ ਵੱਡੇ ਹੋ ਰਹੇ ਸੀ, ਪਾਪਾ ਜੀ ਆਪਣੀਆਂ ਫ਼ਿਲਮਾਂ ਵਿੱਚ ਕਾਫ਼ੀ ਰੁੱਝੇ ਹੋਏ ਸਨ, ਇਸ ਕਰ ਕੇ ਸਾਨੂੰ ਉਨ੍ਹਾਂ ਨਾਲ ਸਮਾਂ ਬਿਤਾਉਣ ਦਾ ਇੰਨਾ ਮੌਕਾ ਨਹੀਂ ਮਿਲਿਆ। ਪਹਿਲਾਂ ਪਿਓ-ਪੁੱਤਰ ਦਾ ਰਿਸ਼ਤਾ ਅੱਜ ਨਾਲੋਂ ਬਹੁਤ ਵੱਖਰਾ ਸੀ। ਮੈਂ ਆਪਣੇ ਬੱਚਿਆਂ ਨਾਲ ਦੋਸਤ ਵਾਂਗ ਰਹਿੰਦਾ ਹਾਂ। ਸਾਡੇ ਸਮੇਂ ‘ਚ ਅਸੀਂ ਪਿਤਾ ਨਾਲ ਖੁੱਲ੍ਹ ਕੇ ਗੱਲ ਨਹੀਂ ਕੀਤੀ। ਪਾਪਾ ਮੈਨੂੰ ਅਕਸਰ ਕਹਿੰਦੇ ਕਿ ਮੈਂ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦਾ। ਉਹ ਅਕਸਰ ਕਹਿੰਦੇ ਹਨ ਕਿ ਮੈਨੂੰ ਗੱਲ ਕਰਨੀ ਚਾਹੀਦੀ ਹੈ, ਪਰ ਮੈਨੂੰ ਡਰ ਹੈ ਕਿ ਸ਼ਾਇਦ ਮੈਨੂੰ ਡਾਂਟ ਨਾ ਪੈ ਜਾਵੇ।” ਬੌਬੀ ਦਿਓਲ ਨੇ ਅੱਗੇ ਕਿਹਾ, ”ਮੇਰਾ ਆਪਣੇ ਬੱਚਿਆਂ ਨਾਲ ਦੋਸਤੀ ਦਾ ਰਿਸ਼ਤਾ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਮੇਰੇ ਨਾਲ ਗੱਲ ਕਰਨ ਤੋਂ ਡਰਨ।”
ਦੱਸ ਦੇਈਏ ਕਿ ਬੌਬੀ ਦਿਓਲ ਨੇ ਸਾਲ 1996 ‘ਚ ਤਾਨਿਆ ਆਹੂਜਾ ਨਾਲ ਵਿਆਹ ਕਰਵਾਇਆ ਸੀ। ਤਾਨਿਆ ਇੰਟੀਰੀਅਰ ਡੈਕੋਰੇਸ਼ਨ ਦਾ ਕਾਰੋਬਾਰ ਚਲਾਉਂਦੀ ਹੈ। ਇਸ ਤੋਂ ਇਲਾਵਾ ਉਹ ਇੱਕ ਫ਼ਰਨੀਚਰ ਡਿਜ਼ਾਈਨਰ ਵੀ ਹੈ। ਤਾਨਿਆ ਨੇ ਬੌਬੀ ਦਿਓਲ ਦੀ ਫ਼ਿਲਮ ਜੁਰਮ ਅਤੇ ਨਾਨ੍ਹੇ ਜੈਸਲਮੇਰ ‘ਚ ਕਸਟਮਿਊਮ ਡਿਜ਼ਾਈਨਰ ਵਜੋਂ ਵੀ ਕੰਮ ਕੀਤਾ ਹੈ। ਬੌਬੀ ਦਿਓਲ ਅਤੇ ਤਾਨਿਆ ਦੇ ਦੋ ਬੇਟੇ ਹਨ ਅਤੇ ਇਹ ਦੋਵੇਂ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ।