Image Courtesy :jagbani(punjabkesari)

ਮਾਹਿਲਪੁਰ — ਦਾਣਾ ਮੰਡੀ ਮਾਹਿਲਪੁਰ ਦਾ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵਲੋਂ ਦੌਰਾ ਕੀਤਾ ਗਿਆ। ਇਸ ਮੌਕੇ ਤਿਵਾੜੀ ਨੇ ਖਰੀਦ ਏਜੀਸੀਆਂ ਨੂੰ ਹਿਦਾਇਤ ਕੀਤੀ ਕਿ ਮੰਡੀ ‘ਚ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕਿਸਾਨ ਨੂੰ ਮੁਸ਼ਕਿਲ ਪੇਸ਼ ਨਾ ਆਉਣ ਦੇਣ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਪੰਜਾਬ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਜੋ ਇਹ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਹੈ, ਇਸ ਦੌਰਾਨ ਕਿਸਾਨਾਂ ਦੀ ਫਸਲ ਦਾ ਮੰਡੀ ‘ਚ ਇਕ-ਇਕ ਦਾਣਾ ਸਮੇਂ ਸਿਰ ਚੁੱਕਿਆ ਜਾਵੇਗਾ।
ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਬਣੀ ਹੈ, ਉਨ੍ਹਾਂ ਦਾ ਇਕੋ ਇਕ ਮਕਸਦ ਹੈ ਕਿ ਪਹਿਲਾਂ ਤਾਂ ਹਿੰਦੋਸਤਾਨ ਦਾ ਲੋਕਤੰਤਰ ਖ਼ਤਮ ਕੀਤਾ ਜਾਵੇ ਅਤੇ ਜਿੰਨੇ ਵੀ ਵੱਡੇ ਘਰਾਣੇ ਹਨ, ਉਨ੍ਹਾਂ ਨੂੰ ਲਾਭ ਪਹੁੰਚਾਇਆ ਜਾਵੇ, ਨਾਲ ਹੀ ਉਨ੍ਹਾਂ ਕਿਹਾ ਕਿ ਜੋ ਕਿਸਾਨ ਬਿਲ ਕਾਨੂੰਨ ਪਾਸ ਕੀਤਾ ਹੈ ਇਹ ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਮੌਤ ਦਾ ਵਾਰੰਟ ਹੈ, ਉਨ੍ਹਾਂ ਕਿਹਾ ਕਿ ਜੇ ਸਰਕਾਰੀ ਖ਼ਰੀਦ ਨਹੀਂ ਹੋਵੇਗੀ ਤਾਂ ਐੱਮ. ਐੱਸ. ਪੀ. ਆਪ ਹੀ ਨਹੀਂ ਰਹੇਗੀ ਇਸ ਲਈ ਅਸੀਂ ਇਸ ਬਿਲ ਨੂੰ ਵਾਪਿਸ ਕਰਵਾ ਕੇ ਹੀ ਹਟਾਗੇ। ਮਨੀਸ਼ ਤਿਵਾੜੀ ਸਾਂਸਦ ਨੇ ਆਮ ਆਦਮੀ ਪਾਰਟੀ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਅਰਵਿੰਦਰ ਕੇਜਰੀਵਾਲ ਦੇ ਦੂਜੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ‘ਚ ਜੋ ਪਹਿਲੇ ਵਾਲਾ ਜੋਸ਼ ਨਹੀਂ ਰਿਹਾ, ਇਸ ‘ਤੇ ਪਤਾ ਚੱਲਦਾ ਕਿ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਨਾਲ ਮੇਲਜੋਲ ਰੱਖ ਕੇ ਚੱਲਣਾ ਚਾਹੁੰਦੀ ਹੈ।
ਤਿਵਾੜੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਿਸਾਨਾਂ ਨੂੰ ਭਰੋਸਾ ਦਿਵਾਉਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਜਾਰੀ ਰਹੇਗਾ ਅਤੇ ਜਦੋਂ ਤਕ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈ ਲੈਦੀ। ਕਾਂਗਰਸ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਜਾਰੀ ਰੱਖੇਗੀ।
ਇਸ ਮੌਕੇ ਸਾਬਕਾ ਵਿਧਾਇਕ ‘ਤੇ ਜਨਰਲ ਸਕੱਤਰ ਪੰਜਾਬ ਕਾਂਗਰਸ ਲਵ ਕੁਮਾਰ ਗੋਲਡੀ, ਰਜਨੀਸ਼ ਕੌਰ ਡੀ. ਐੱਫ. ਐੱਸ. ਸੀ, ਐੱਸ. ਡੀ. ਐੱਮ. ਹਰਬੰਸ ਸਿੰਘ, ਇੰਸਪੈਕਟਰ ਪਰਮੇਸ਼ਵਰ ਸਿੰਘ, ਬਲਵੀਰ ਠਾਕੁਰ, ਸੁਰਿੰਦਰ ਪਾਲ ਸ਼ਰਮਾਂ, ਹਰਵਿੰਦਰ ਸਿੰਘ ਸੰਘਾ ਸੰਮਤੀ ਮੈਂਬਰ, ਤਰਲੋਚਨ ਸਿੰਘ, ਅਜਵਿੰਦਰ ਸਿੰਘ, ਗੁਰਿੰਦਰ ਕੁਮਾਰ, ਜਸਵੰਤ ਰਾਏ, ਬਲਵੀਰ ਸਿੰਘ ਸੰਘਾ, ਹਰਨੇਕ ਸਿੰਘ, ਅਜਮੇਰ ਸਿੰਘ ਢਿੱਲੋਂ, ਬਲਵੀਰ ਸਿੰਘ ਢਿੱਲੋ, ਰਵਿੰਦਰ ਸਿੰਘ, ਪ੍ਰੇਮ ਪ੍ਰਭਾਕਰ, ਜੁਗਿੰਦਰ ਪਾਲ ਪਾਲੀ ਕੌਸਲਰ, ਬਲਵਿੰਦਰ ਸਿੰਘ, ਦਲਵੀਰ ਸਿੰਘ, ਰਾਜੀਵ ਓਰੀ, ਦੇਵ ਰਾਜ ਕੈਂਡੋਵਾਲ ਹਾਜ਼ਰ ਸਨ।

News Credit :jagbani(punjabkesari)