Image Courtesy :jagbani(punjabkesari)

ਬੌਲੀਵੁਡ ਅਦਾਕਾਰ ਸੰਜੇ ਦੱਤ ਦੀ ਤੀਜੀ ਕੀਮੋਥੈਰੇਪੀ ਤੋਂ ਬਾਅਦ ਕੁੱਝ ਨਵੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੇ ਉਸ ਦੇ ਚਾਹੁਣ ਵਾਲਿਆਂ ਨੂੰ ਪਰੇਸ਼ਾਨੀ ‘ਚ ਪਾ ਦਿੱਤਾ ਹੈ। ਦੱਸ ਦਈਏ ਕਿ 30 ਸਤੰਬਰ ਨੂੰ ਸੰਜੇ ਦੱਤ ਦੀ ਤੀਜੀ ਕੀਮੋਥੈਰੇਪੀ ਹੋਈ ਸੀ। ਉਸ ਤੋਂ ਬਾਅਦ ਸੰਜੇ ਦੱਤ ਦੀਆਂ ਕਾਫ਼ੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਉਹ ਕਾਫ਼ੀ ਕਮਜ਼ੋਰ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਸੰਜੇ ਦੱਤ ਪਿਛਲੇ ਕੁੱਝ ਦਿਨ ਪਹਿਲਾਂ ਆਪਣੇ ਬੱਚਿਆਂ ਕੋਲ ਦੁਬਈ ਗਿਆ ਹੋਇਆ ਸੀ। ਓਦੋਂ ਉਸ ਦੀ ਸਿਹਤ ਠੀਕ ਲੱਗ ਰਹੀ ਸੀ।
ਇੱਕ ਯੂਜ਼ਰ ਨੇ ਤਸਵੀਰ ਦੇਖ ਕੇ ਕਿਹਾ, ”ਬਾਬਾ ਬਹੁਤ ਕਮਜ਼ੋਰ ਨਜ਼ਰ ਆ ਰਹੇ ਹਨ, ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ।” ਇੱਕ ਹੋਰ ਯੂਜ਼ਰ ਨੇ ਕਿਹਾ ਹੈ ਕਿ ਉਮੀਦ ਕਰਦੇ ਹਾਂ ਕਿ ਸੰਜੂ ਜਲਦ ਬਿਹਤਰ ਮਹਿਸੂਸ ਕਰਨਗੇ। ਦੱਸ ਦਈਏ ਕਿ 11 ਅਗਸਤ ਨੂੰ ਸੰਜੂ ਨੂੰ ਫ਼ੇਫ਼ੜਿਆਂ ਦਾ ਕੈਂਸਰ ਹੋਣ ਦੀ ਖ਼ਬਰ ਸਾਹਮਣੇ ਆਈ ਸੀ।
ਨਾਹਟਾ ਨੇ ਕਿਹਾ ਸੀ ਸੰਜੂ ਨੂੰ ਹੈ ਫ਼ੇਫ਼ੜਿਆਂ ਦਾ ਕੈਂਸਰ: ਸੰਜੇ ਦੱਤ ਦੀ ਸਿਹਤ ਠੀਕ ਨਹੀਂ ਹੈ। ਇੰਡਸਟਰੀ ਦੇ ਟਰੈਂਡ ਐਕਸਪਾਰਟ ਕੋਮਲ ਨਾਹਟਾ ਨੇ ਅਗਸਤ ‘ਚ ਕਿਹਾ ਸੀ ਕਿ ਸੰਜੇ ਦੱਤ ਨੂੰ ਫ਼ੇਫ਼ੜਿਆਂ ਦਾ ਕੈਂਸਰ ਹੈ। ਉਨ੍ਹਾਂ ਨੇ ਟਵਿਟਰ ‘ਤੇ ਸੰਜੇ ਦੱਤ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ ਸੀ।
ਪਹਿਲੀ ਕੀਮੋਥੈਰੇਪੀ ਤੋਂ ਬਾਅਦ ਡਾਕਟਰਾਂ ਨੇ ਆਖੀ ਇਹ ਗੱਲ: ਸੰਜੇ ਦੱਤ ਆਪਣੀ ਸਿਹਤਯਾਬੀ ਲਈ ਨਿਰੰਤਰ ਉਮੀਦ ਕਰਦੇ ਹਨ। ਪਹਿਲਾਂ ਦੋ ਕੀਮੋਥੈਰੇਪੀ ਸੈਸ਼ਨਾਂ ਵਾਂਗ ਤੀਜੀ ਥੈਰੇਪੀ ਵੀ ਮੁੰਬਈ ‘ਚ ਹੀ ਹੋਵੇਗੀ। ਪਹਿਲੀ ਕੀਮੋਥੈਰੇਪੀ ਖ਼ਤਮ ਹੋਣ ਤੋਂ ਬਾਅਦ ਡਾਕਟਰ ਜਲੀਲ ਪਾਰਕਰ ਨੇ ਕਿਹਾ ਸੀ, ”ਹਾਲੇ ਤਕ ਇਹ ਪਤਾ ਨਹੀਂ ਹੈ ਕਿ ਕਿੰਨੇ ਚੱਕਰ ਲਾਉਣੇ ਪੈਣਗੇ। ਕੀਮੋਥੈਰੇਪੀ ਸੌਖੀ ਨਹੀਂ ਹੁੰਦੀ ਅਤੇ ਖ਼ਾਸ ਕਰ ਕੇ ਫ਼ੇਫ਼ੜਿਆਂ ਦੇ ਕੈਂਸਰ ਨਾਲ ਲੜਨਾ ਇੱਕ ਵੱਡੇ ਯੁੱਧ (ਲੜਾਈ) ਦੇ ਸਮਾਨ ਹੈ।
ਕੀਮੋਥੈਰੇਪੀ ਤੋਂ ਬਾਅਦ ਉੱਡੀ ਚਿਹਰੇ ਦੀ ਰੰਗਤ: ਦੱਸ ਦਈਏ ਕਿ ਤਿੰਨ ਕੀਮੋਥੈਰੇਪੀਆਂ ਤੋਂ ਬਾਅਦ ਹੀ ਸੰਜੇ ਦੱਤ ਦੀ ਸਿਹਤ ਕਾਫ਼ੀ ਕਮਜ਼ੋਰ ਨਜ਼ਰ ਆਈ। ਦਰਅਸਲ, ਦੁਬਈ ਪਹੁੰਚਦੇ ਹੀ ਮਾਨਿਅਤਾ ਨੇ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਸੀ ਜਿਸ ‘ਚ ਸੰਜੇ ਦੱਤ ਬਹੁਤ ਕਮਜ਼ੋਰ ਨਜ਼ਰ ਆਇਆ। ਇਸ ਤਸਵੀਰ ‘ਚ ਸੰਜੇ ਦੱਤ ਦੀਆਂ ਗੱਲ੍ਹਾਂ ਪਿਚਕੀਆਂ ਨਜ਼ਰ ਆਈਆਂ ਅਤੇ ਚਿਹਰੇ ਦੀ ਰੰਗਤ ਵੀ ਉੱਡੀ ਹੋਈ ਲੱਗੀ। ਮਾਨਿਅਤਾ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਸੀ, ”ਅੱਜ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਸ ਨੇ ਮੈਨੂੰ ਇੰਨਾ ਵਧੀਆ ਪਰਿਵਾਰ ਦਿੱਤਾ। ਮੈਨੂੰ ਕੋਈ ਸ਼ਿਕਾਇਤ ਨਹੀਂ, ਕੋਈ ਮੰਗ ਨਹੀਂ ਬਸ ਸਾਰੇ ਇੱਕਠੇ ਰਹਿਣ ਹਮੇਸ਼ਾ ਲਈ ਆਮੀਨ!”
ਪਹਿਲਾ ਅਮਰੀਕਾ ਅਤੇ ਸਿੰਗਾਪੁਰ ਜਾਣਾ ਚਾਹੁੰਦਾ ਸੀ ਸੰਜੇ: ਦੱਸ ਦਈਏ ਕਿ ਪਹਿਲਾ ਸੰਜੇ ਦੱਤ ਅਮਰੀਕਾ ‘ਚ ਕੀਮੋਥੈਰੇਪੀ ਕਰਵਾਉਣਾ ਚਾਹੁੰਦਾ ਸੀ ਪਰ ਅਜਿਹਾ ਨਹੀਂ ਹੋ ਸੱਕਿਆ। ਉਸ ਦੀ ਦੂਜੀ ਪਸੰਦ ਸਿੰਗਾਪੁਰ ਸੀ ਪਰ ਉਹ ਵੀ ਰੱਦ ਹੋ ਗਿਆ। ਗੱਲ ਕਰੀਏ ਫ਼ਿਲਮਾਂ ਦੀ ਤਾਂ ਅਦਾਕਾਰ ਨੇ ਹਾਲੇ ਤਕ ਵੀ ਤੈਅ ਨਹੀਂ ਕੀਤਾ ਹੈ ਕਿ ਆਪਣੀ ਕਿਹੜੀ ਰਹਿੰਦੀ ਫ਼ਿਲਮ ਦੀ ਸ਼ੂਟਿੰਗ ਪਹਿਲਾ ਕਰੇਗਾ।
ਸੰਜੇ ਦੱਤ ਦੀ ਝੋਲੀ ‘ਚ ਹਨ ਇਹ ਦਿਲਚਸਪ ਫ਼ਿਲਮਾਂ: ਸੂਤਰਾਂ ਮੁਤਾਬਿਕ, ਸੰਜੇ ਦੱਤ ਦੀਆਂ ਫ਼ਿਲਮਾਂ ਦੇ ਪ੍ਰੋਡਿਊਸਰ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਸੰਜੇ ਦੱਤ ਨੇ ਅਪਕਮਿੰਗ ਫ਼ਿਲਮ ਸ਼ਮਸ਼ੇਰਾ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ‘ਚ ਪ੍ਰਿਥਵੀਰਾਜ, KGF 2 ਵਰਗੀਆਂ ਫ਼ਿਲਮਾਂ ਹਨ।